ਸੀਵਰੇਜ ਦੀ ਸਫ਼ਾਈ ਦੌਰਾਨ ਗੈਸ ਚੜ੍ਹਨ ਕਾਰਨ ਨੌਜਵਾਨ ਦੀ ਮੌਤ, ਰੱਸਿਆਂ ਨਾਲ ਬੰਨ੍ਹ ਗਟਰ 'ਚੋਂ ਕੱਢਣਾ ਪਿਆ (ਤਸਵੀਰਾਂ)
Saturday, Apr 22, 2023 - 11:15 AM (IST)
ਲਾਲੜੂ (ਗੁਰਪ੍ਰੀਤ) : ਇੱਥੋਂ ਨਜ਼ਦੀਕੀ ਪਿੰਡ ਜੌਲਾ ਕਲਾਂ ਦੇ ਇਕ ਨੌਜਵਾਨ ਦੀ ਸੀਵਰੇਜ ਦਾ ਗਟਰ ਸਾਫ਼ ਕਰਨ ਮੌਕੇ ਗੈਸ ਚੜ੍ਹਨ ਨਾਲ ਮੌਤ ਹੋ ਗਈ, ਜਦੋਂ ਕਿ ਦੂਜੇ ਨੌਜਵਾਨ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਪੁੱਤਰ ਜਸਵੀਰ ਸਿੰਘ (25-26) ਨਿਵਾਸੀ ਜੌਲਾ ਕਲਾਂ ਵਜੋਂ ਹੋਈ ਹੈ। ਬੇਹੋਸ਼ ਹੋਣ ਵਾਲਾ ਦੂਜਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਹੈ। ਇਹ ਦੋਵੇਂ ਇਕੋ ਪਿੰਡ ਦੇ ਵਸਨੀਕ ਹਨ। ਜਾਣਕਾਰੀ ਮੁਤਾਬਕ ਪਿੰਡ ਜੌਲਾਂ ਕਲਾ 'ਚ ਸੀਵਰੇਜ ਦੀ ਬੰਦ ਪਈ ਪਾਈਪ ਨੂੰ ਵੱਖ-ਵੱਖ ਥਾਵਾਂ ਤੋਂ ਸਾਫ਼ ਕੀਤਾ ਜਾ ਰਿਹਾ ਸੀ। ਸੀਵਰੇਜ ਦੇ ਗਟਰ ਨੂੰ ਰਵੀ ਕੁਮਾਰ ਅਤੇ ਹੋਰ ਨੌਜਵਾਨ ਸਾਫ਼ ਕਰ ਰਹੇ ਸਨ। ਇਸੇ ਦੌਰਾਨ ਰਵੀ ਕੁਮਾਰ ਗਟਰ 'ਚ ਵੜ ਕੇ ਸਫ਼ਾਈ ਕਰਦੇ ਸਮੇਂ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਗੁਰਪ੍ਰੀਤ ਨੇ ਉਸ ਨੂੰ ਡਿੱਗਦਿਆਂ ਦੇਖਿਆ ਤਾਂ ਉਹ ਉਸ ਨੂੰ ਬਚਾਉਣ ਲਈ ਗਟਰ 'ਚ ਵੜਿਆ ਅਤੇ ਰਵੀ ਨੂੰ ਬਾਹਰ ਕੱਢਣ ਲਈ ਜੱਦੋ-ਜਹਿਦ ਕਰਦਾ ਖ਼ੁਦ ਹੀ ਗੈਸ ਦੀ ਲਪੇਟ ਆਉਣ ਕਾਰਨ ਬੇਹੋਸ਼ ਹੋ ਗਿਆ।
ਇਸੇ ਦੌਰਾਨ ਉੱਥੇ ਕੰਮ ਕਰਦੇ ਤੀਜੇ ਵਿਅਕਤੀ ਨੇ ਕਿਸੇ ਤਰ੍ਹਾਂ ਦੋਵਾਂ ਨੂੰ ਗਟਰ 'ਚੋਂ ਧੂਹ ਕੇ ਬਾਹਰ ਕੱਢਿਆ ਪਰ ਰਵੀ ਬੁਰੀ ਤਰ੍ਹਾਂ ਗਟਰ 'ਚ ਫਸ ਚੁੱਕਾ ਸੀ। ਇਸੇ ਦੌਰਾਨ ਸੀਵਰੇਜ ਲਾਈਨ ਦੇ ਹੋਰ ਪੁਆਇੰਟਾਂ ’ਤੇ ਕੰਮ ਕਰਦੇ ਬੰਦੇ ਭੱਜ ਕੇ ਉਥੇ ਪੁੱਜੇ ਅਤੇ ਇਕ ਸੀਵਰਮੈਨ ਨੂੰ ਰੱਸੇ ਬੰਨ੍ਹ ਕੇ ਗਟਰ ਹੇਠ ਉਤਾਰਿਆ। ਉਸ ਨੇ ਰਵੀ ਨੂੰ ਕਿਸੇ ਤਰ੍ਹਾਂ ਰੱਸਿਆਂ ਨਾਲ ਬੰਨ੍ਹ ਕੇ ਬਾਹਰ ਕੱਢਿਆ। ਮੌਜੂਦਾ ਸਰਪੰਚ ਰਿਤੂ ਰਾਣੀ ਦੇ ਪਤੀ ਸਤੀਸ਼ ਕੁਮਾਰ ਟੋਨੀ ਅਤੇ ਸਾਬਕਾ ਸਰਪੰਚ ਸਣੇ ਪਿੰਡ ਦੇ ਲੋਕ ਮੌਕੇ ’ਤੇ ਪੁੱਜ ਗਏ।
ਪਹਿਲਾਂ ਦੋਵਾਂ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਲਾਲੜੂ ਵਿਖੇ ਲਿਆਂਦਾ, ਜਿੱਥੇ ਰਵੀ ਕੁਮਾਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ, ਜਿੱਥੇ ਬੈੱਡ ਨਾ ਹੋਣ ਕਾਰਨ ਸੋਹਾਣਾ ਹਸਪਤਾਲ ਮੋਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਉਕਤ ਮਾਮਲੇ ਸਬੰਧੀ ਐੱਸ. ਡੀ. ਐੱਮ. ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਏ. ਐੱਸ. ਪੀ. ਡੇਰਾਬੱਸੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ