ਮਾਛੀਵਾੜਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ, ਦਾਦੇ ਨੇ ਰੋ-ਰੋ ਸੁਣਾਈ ਦਰਦ ਭਰੀ ਕਹਾਣੀ
Sunday, Oct 13, 2024 - 02:55 PM (IST)
ਮਾਛੀਵਾੜਾ ਸਾਹਿਬ : ਜਿੱਥੇ ਬੀਤੇ ਦਿਨ ਸਾਰਾ ਪੰਜਾਬ ਦੁਸਹਿਰੇ ਦਾ ਤਿਉਹਾਰ ਮਨਾ ਰਿਹਾ ਸੀ, ਉੱਥੇ ਹੀ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਇੱਕ ਪਰਿਵਾਰ ਆਪਣੇ ਨੌਜਵਾਨ ਪੁੱਤ ਦੀ ਮੌਤ ਦਾ ਮਾਤਮ ਮਨਾ ਰਿਹਾ ਸੀ। ਦਾਦਾ ਰੋ-ਰੋ ਕੇ ਨਸ਼ੇ ਦੀ ਸਰਿੰਜ ਦਿਖਾਉਂਦੇ ਹੋਏ ਦੁਹਾਈ ਪਾ ਰਿਹਾ ਸੀ ਕਿ ਮੇਰੇ ਪੋਤੇ ਨੂੰ ਨਸ਼ਾ ਰੂਪੀ ਰਾਵਣ ਨਿਕਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਗੁਰਸੇਵਕ ਸਿੰਘ (25) ਨਸ਼ਾ ਕਰਨ ਦਾ ਆਦੀ ਸੀ ਅਤੇ ਬੀਤੇ ਦਿਨ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ।
ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਦਾਦੇ ਸ਼ੀਸ਼ਮ ਸਿੰਘ ਨੇ ਹੱਥ ਵਿੱਚ ਨਸ਼ੇ ਦੀ ਸਰਿੰਜ ਫੜ੍ਹ ਕੇ ਦੱਸਿਆ ਕਿ ਮੇਰਾ ਪੋਤਾ ਗੁਰਸੇਵਕ ਸਿੰਘ ਨਸ਼ੇ ਕਰਨ ਦਾ ਆਦੀ ਸੀ। ਗੁਰਸੇਵਕ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਮੇਰੇ ਕੋਲ ਹੀ ਰਹਿੰਦਾ ਸੀ। ਸ਼ੀਸ਼ਮ ਸਿੰਘ ਨੇ ਦੱਸਿਆ ਕਿ ਮੇਰਾ ਪੋਤਾ ਵਿਆਹਿਆ ਹੋਇਆ ਸੀ ਪਰ ਨਸ਼ੇ ਕਰਨ ਦਾ ਆਦੀ ਹੋਣ ਕਾਰਨ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਚਲੀ ਗਈ ਸੀ। ਮੈਂ ਕਈ ਵਾਰ ਉਸ ਨੂੰ ਨਸ਼ਾ ਨਾ ਕਰਨ ਤੋਂ ਰੋਕਿਆ ਅਤੇ ਕਈ ਵਾਰ ਉਹ ਨਸ਼ਾ ਛੱਡ ਵੀ ਦਿੰਦਾ ਸੀ ਪਰ ਬੀਤੇ ਦਿਨ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ ਅਤੇ ਮੇਰਾ ਪੋਤਾ ਮੰਜੇ 'ਤੇ ਸੌਂ ਗਿਆ। ਜਦੋਂ ਮੈਂ ਉਸ ਨੂੰ ਉਠਾਇਆ ਤਾਂ ਉਹ ਨਾ ਉੱਠਿਆ।
ਨਸ਼ੇ ਵਾਲਾ ਟੀਕਾ ਉਸ ਦੇ ਮੰਜੇ ਕੋਲ ਪਿਆ ਸੀ। ਇਸ ਤੋਂ ਬਾਅਦ ਤੁਰੰਤ ਬਾਅਦ ਉਸ ਨੂੰ ਸਮਰਾਲਾ ਵਿਖੇ ਹਸਪਤਾਲ 'ਚ ਲਿਆਂਦਾ ਗਿਆ ਅਤੇ ਡਾਕਟਰਾਂ ਨੇ ਕਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਦਾ ਪਿਤਾ ਪੰਜਾਬ ਪੁਲਸ ਵਿੱਚ ਨੌਕਰੀ ਕਰਦਾ ਸੀ। ਪਿਤਾ ਦੀ ਮੌਤ ਤੋਂ ਬਾਅਦ ਪੁਲਸ ਦੀ ਨੌਕਰੀ ਮਾਂ ਨੂੰ ਮਿਲ ਗਈ, ਜੋ ਕਿ ਨੌਕਰੀ ਲਈ ਜਲੰਧਰ ਰਹਿੰਦੀ ਸੀ। ਗੁਰਸੇਵਕ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਵੀ ਉਸਨੇ ਸ਼ਰਾਬ ਪੀਤੀ ਅਤੇ ਮੀਟ ਖਾਧਾ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਪਰ ਮ੍ਰਿਤਕ ਗੁਰਸੇਵਕ ਸਿੰਘ ਦੇ ਦਾਦੇ ਨੇ ਕਿਹਾ ਕਿ ਮੇਰੇ ਪੋਤੇ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ, ਜਦੋਂ ਕਿ ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਮੇਰਾ ਪੁੱਤ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਉਸ ਦੇ ਦਾਦਾ-ਦਾਦੀ ਉਸ ਨੂੰ ਪਰੇਸ਼ਾਨ ਕਰਦੇ ਸਨ।