ਜ਼ਿਆਦਾ ਨਸ਼ੇ ਕਾਰਨ ਨੌਜਵਾਨ ਦੀ ਮੌਤ, ਲਾਸ਼ ਟਿਕਾਣੇ ਲਾਉਣ ਲਈ ਝਾੜੀਆਂ ’ਚ ਸੁੱਟੀ
Thursday, Jun 06, 2024 - 12:54 PM (IST)

ਬੁਢਲਾਡਾ (ਬਾਂਸਲ) : ਚਾਰ ਨੌਜਵਾਨਾਂ ਵੱਲੋਂ ਆਪਣੇ ਸਾਥੀ ਨੂੰ ਜ਼ਿਆਦਾ ਮਾਤਰਾ ਵਿਚ ਨਸ਼ੀਲੀ ਚੀਜ਼ ਦੇਣ ਕਾਰਨ ਸਾਥੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸਦੀ ਲਾਸ਼ ਨੂੰ ਡਰੇਨ ਦੀ ਪਟੜੀ ਕੋਲ ਝਾੜੀਆਂ ’ਚ ਸੁੱਟਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਨੂੰ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਪਿੰਡ ਅਹਿਮਦਪੁਰ ਨੇ ਬਿਆਨ ਦਿੱਤਾ ਕਿ ਜਸਪ੍ਰੀਤ, ਮਨਦੀਪ, ਜਸਕਰਨ ਅਤੇ ਮਿੰਟੂ ਵਾਸੀ ਕਲੀਪੁਰ ਫਾਟਕ ਬੁਢਲਾਡਾ ਨਸ਼ਾ ਕਰਨ ਦੇ ਆਦੀ ਸਨ। ਉਨ੍ਹਾਂ ਨੇ ਮਿਲ ਕੇ ਮੇਰੇ ਪੁੱਤਰ ਜਸ਼ਨਪ੍ਰੀਤ ਨੂੰ ਕੁੱਝ ਜ਼ਿਆਦਾ ਮਾਤਰਾ ’ਚ ਨਸ਼ੀਲੀ ਚੀਜ਼ ਦੇ ਦਿੱਤੀ।
ਇਸ ਕਾਰਨ ਮੇਰੇ ਪੁੱਤਰ ਦੀ ਮੌਤ ਹੋ ਗਈ ਤੇ ਚਾਰਾਂ ਨੇ ਸੁਨਾਮ ਵਿਖੇ ਡਰੇਨ ਦੀ ਪਟੜੀ ਕੋਲ ਉਸ ਦੀ ਲਾਸ਼ ਝਾੜੀਆਂ ’ਚ ਸੁੱਟ ਦਿੱਤੀ ਹੈ। ਪੁਲਸ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਤੁਹਾਡੇ ਪੁੱਤਰ ਦੀ ਲਾਸ਼ ਬਰਾਮਦ ਹੋ ਗਈ ਹੈ। ਪੁਲਸ ਨੇ ਜਸਪ੍ਰੀਤ ਸਿੰਘ ਬੱਛੋਆਣਾ, ਮਨਦੀਪ ਸਿੰਘ ਉਰਫ਼ ਲੱਕੀ, ਜਸਕਰਨ ਸਿੰਘ ਉਰਫ਼ ਲਾਲ ਵਾਸੀ ਬੁਢਲਾਡਾ, ਮਿੰਟੂ ਵਾਸੀ ਕਲੀਪੁਰ ਫਾਟਕ ਬੁਢਲਾਡਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।