ਚਿੱਟੇ ਨੇ ਇਕ ਹੋਰ ਮਾਂ ਦੀ ਗੋਦ ਉਜਾੜੀ, ਦੋਸਤਾਂ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ 2 ਭੈਣਾਂ ਦਾ ਇਕਲੌਤਾ ਭਰਾ
Monday, Apr 04, 2022 - 10:57 AM (IST)
ਸਮਰਾਲਾ (ਗਰਗ, ਬੰਗੜ) : ਪੰਜਾਬ ਵਿਚ ਚਿੱਟੇ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਨਿੱਤ ਦਿਨ ਨਸ਼ੇ ਕਾਰਨ ਮਾਵਾਂ ਦੇ ਪੁੱਤ ਮੌਤ ਦੇ ਮੂੰਹ ’ਚ ਜਾ ਰਹੇ ਹਨ। ਇੱਥੇ ਨੇੜਲੇ ਪਿੰਡ ਘਰਖਣਾ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ਾ ਵੇਚਣ ਵਾਲੇ ਕੁੱਝ ਨੌਜਵਾਨਾਂ ਨੇ ਆਪਣੇ ਹੀ ਪਿੰਡ ਦੇ ਇਕ 24 ਸਾਲਾ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਹੈ। ਮ੍ਰਿਤਕ ਨੌਜਵਾਨ ਕਿਸੇ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਦਾ ਸੀ ਅਤੇ ਉਹ ਦੋ ਭੈਣਾ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਨੇ ਕੁੱਝ ਦਿਨ ਪਹਿਲਾ ਪਿੰਡ ਵਿਚ ਨਸ਼ਾ ਵੇਚਣ ਵਾਲੇ 3-4 ਨੌਜਵਾਨਾਂ ਨੂੰ ਵਰਜਿਆ ਸੀ ਅਤੇ ਉਸੇ ਖੁੰਦਕ ਵਿਚ ਉਨ੍ਹਾਂ ਨੇ ਮੇਰੇ ਪੁੱਤ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਤਿੰਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਘਰਖਣਾ ਨਿਵਾਸੀ ਜਨਕ ਸਿੰਘ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਇਕਲੌਤਾ ਪੁੱਤਰ ਸਨਪ੍ਰੀਤ ਸਿੰਘ (24) ਲੁਧਿਆਣਾ ਵਿਖੇ ਇਕ ਨਿੱਜੀ ਹਸਪਤਾਲ ਵਿਚ ਨੌਕਰੀ ਕਰਦਾ ਸੀ। ਉਸ ਨੇ ਦੱਸਿਆ ਕਿ ਸੱਟ ਲੱਗਣ ਕਾਰਨ ਉਸ ਦਾ ਪੁੱਤਰ ਕਈ ਦਿਨਾਂ ਤੋਂ ਘਰ ਹੀ ਸੀ। ਬੀਤੇ ਦਿਨ ਉਹ ਜਦੋਂ ਕੰਮ ਤੋਂ ਘਰ ਪਰਤਿਆ ਤਾਂ ਉਸ ਦਾ ਪੁੱਤਰ ਘਰ ਨਹੀਂ ਸੀ ਤਾਂ ਉਸ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਉਹ ਪਿੰਡ ਦੇ ਹੀ ਕੁੱਝ ਨੌਜਵਾਨਾਂ ਨਾਲ ਬੱਸ ਅੱਡੇ ’ਤੇ ਬੈਠਾ ਹੈ। ਜਦੋਂ ਉਹ ਆਪਣੇ ਪੁੱਤਰ ਦੀ ਭਾਲ ਵਿਚ ਅੱਡੇ ’ਤੇ ਗਿਆ ਤਾਂ ਉੱਥੇ ਨਸ਼ੇ ਦੀ ਹਾਲਤ ਵਿੱਚ ਬੈਠੇ ਜਗਜੀਤ ਸਿੰਘ ਉਰਫ਼ ਜੱਗੀ ਅਤੇ ਰਵੀ ਨੇ ਦੱਸਿਆ ਕਿ ਸਨਪ੍ਰੀਤ ਸਿੰਘ ਇਕ ਹੋਰ ਲੜਕੇ ਨਿੰਦਰ ਨਾਲ ਕਿਤੇ ਗਿਆ ਹੈ ਅਤੇ ਜਦੋਂ ਆ ਗਿਆ ਤਾਂ ਉਸ ਨੂੰ ਘਰੇ ਭੇਜ ਦੇਣਗੇ ਪਰ ਪੂਰੀ ਰਾਤ ਉਸ ਦਾ ਪੁੱਤ ਘਰ ਨਹੀਂ ਪਰਤਿਆ ਅਤੇ ਅਗਲੇ ਦਿਨ ਵੀ ਦੁਪਹਿਰ ਤੱਕ ਉਸ ਦਾ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ : ਗੰਨਮੈਨ ਤੋਂ ਬੈਂਕ ਦਾ ਸਫ਼ਰ ਸ਼ੁਰੂ ਕਰਨ ਵਾਲਾ ਬਣਿਆ 'ਮੈਨੇਜਰ', ਮਿਹਨਤ ਤੇ ਲਗਨ ਦੀ ਸਭ ਨੇ ਕੀਤੀ ਤਾਰੀਫ਼
ਉਹ ਕੰਮ ’ਤੇ ਚਲਿਆ ਗਿਆ ਅਤੇ ਪਿੱਛੋਂ ਉਸ ਦੀ ਧੀ ਨੇ ਫੋਨ ਕਰਕੇ ਦੱਸਿਆ ਕਿ ਸਨਪ੍ਰੀਤ ਬੇਹੋਸ਼ੀ ਦੀ ਹਾਲਤ ਵਿਚ ਪਿੰਡ ਦੀ ਸਮਾਧ ਕੋਲ ਡਿੱਗਿਆ ਪਿਆ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿਤ੍ਰਕ ਐਲਾਨ ਦਿੱਤਾ। ਜਨਕ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਵਾਲੇ ਇਹ ਉਹੀ ਨੌਜਵਾਨ ਹਨ, ਜਿਨ੍ਹਾਂ ਨੂੰ ਉਸ ਨੇ ਕੁੱਝ ਦਿਨ ਪਹਿਲਾ ਪਿੰਡ ਵਿਚ ਨਸ਼ਾ ਵੇਚਣ ’ਤੋਂ ਵਰਜਿਆ ਸੀ। ਇਸੇ ਰੰਜਿਸ਼ 'ਚ ਇਨ੍ਹਾਂ ਨੇ ਜਾਣ-ਬੁੱਝ ਕੇ ਮੇਰੇ ਪੁੱਤ ਨੂੰ ਨਸ਼ਾ ਦੇ ਕੇ ਮਾਰ ਦਿੱਤਾ ਹੈ। ਪੁਲਸ ਨੇ ਕਥਿਤ ਦੋਸ਼ੀਆਂ ਜਗਜੀਤ ਸਿੰਘ ਉਰਫ਼ ਜੱਗੀ, ਨਰਿੰਦਰ ਸਿੰਘ ਉਰਫ਼ ਨਿੰਦਰ ਅਤੇ ਜਗਜੀਤ ਸਿੰਘ ਉਰਫ਼ ਰਵੀ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ 'ਚ ਕਾਂਗਰਸੀ ਆਗੂ ਦਾ ਬੇਰਹਿਮੀ ਨਾਲ ਕਤਲ, ਅਕਾਲੀ ਆਗੂ 'ਤੇ ਲੱਗੇ ਦੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ