ਕਹਿਰ ਬਣ ਕੇ ਵਰ੍ਹਿਆ ਮੀਂਹ, ਘਰ ਦੀ ਛੱਤ ਡਿਗਣ ਕਾਰਨ ਨੌਜਵਾਨ ਦੀ ਮੌਤ (ਤਸਵੀਰਾਂ)
Wednesday, Jul 28, 2021 - 06:26 PM (IST)
ਖਮਾਣੋਂ (ਅਰੋੜਾ) : ਬੀਤੀ ਰਾਤ ਮੀਂਹ ਕਾਰਨ ਖਮਾਣੋਂ ਖੁਰਦ ਦੇ ਵਾਰਡ ਨੰਬਰ-3 ਵਿਖੇ ਇਕ ਘਰ ਦੀ ਛੱਤ ਡਿੱਗਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰਵੀਰ ਸਿੰਘ ਪੁੱਤਰ ਪਰਮਵੀਰ ਸਿੰਘ ਵਾਸੀ ਪਿੰਡ ਬਾਲਸੰਢਾ ਜ਼ਿਲ੍ਹਾ ਰੋਪੜ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਖਮਾਣੋਂ ਖੁਰਦ ਵਾਰਡ ਨੰਬਰ-3 ਰਾਤ ਸਮੇਂ ਆਪਣੇ ਘਰ ਦੇ ਇੱਕ ਕਮਰੇ ਵਿੱਚ ਖ਼ੁਦ, ਪੁੱਤਰ ਗੁਰਵੀਰ ਸਿੰਘ ਅਤੇ ਅਰਸ਼ਦੀਪ ਕੌਰ ਪੁੱਤਰੀ ਪਰਮਵੀਰ ਸਿੰਘ ਅਤੇ ਅਮਰਵੀਰ ਸਿੰਘ ਇੱਕੋ ਕਮਰੇ ਵਿੱਚ ਰਾਤ ਸਮੇਂ ਸੁੱਤੇ ਪਏ ਸਨ, ਜਦੋਂ ਕਿ ਜਸਬੀਰ ਸਿੰਘ ਅਤੇ ਅਰਸ਼ਦੀਪ ਕੌਰ ਰਾਤ ਸਮੇਂ ਕਰੀਬ ਢਾਈ ਵਜੇ ਜਦੋਂ ਘਰ ਦੇ ਕਮਰੇ ਤੋਂ ਬਾਹਰ ਸਨ ਤਾਂ ਅਚਾਨਕ ਘਰ ਦੇ ਕਮਰੇ ਦੀ ਛੱਤ ਡਿੱਗ ਪਈ, ਜਿਸ ਕਾਰਨ ਅਮਰਵੀਰ ਸਿੰਘ ਅਤੇ ਗੁਰਵੀਰ ਸਿੰਘ ਛੱਤ ਦੇ ਮਲਬੇ ਥੱਲੇ ਬੁਰੀ ਤਰ੍ਹਾਂ ਦੱਬ ਗਏ।
ਇਸ ਤੋਂ ਬਾਅਦ ਰੌਲਾ ਪਾਉਣ 'ਤੇ ਗੁਆਂਢੀਆਂ ਨੇ ਜਸਬੀਰ ਸਿੰਘ ਅਤੇ ਅਮਰਵੀਰ ਸਿੰਘ ਨੂੰ ਮਲਬੇ ਹੇਠੋਂ ਕੱਢ ਲਿਆ ਅਤੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ। ਇੱਥੇ ਡਾਕਟਰਾਂ ਨੇ ਅਮਰਵੀਰ ਸਿੰਘ ਨੂੰ ਗੰਭੀਰ ਜ਼ਖ਼ਮੀ ਦੇਖਦੇ ਹੋਏ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ, ਜਦੋਂ ਕਿ ਗੁਰਵੀਰ ਸਿੰਘ ਨੂੰ ਉੱਥੇ ਹੀ ਇਲਾਜ ਲਈ ਦਾਖ਼ਲ ਕਰ ਲਿਆ। ਅਮਰਵੀਰ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਛੱਤ ਡਿੱਗਣ ਦਾ ਕਾਰਨ ਮੀਂਹ ਦੌਰਾਨ ਕੰਧ ਵਿੱਚ ਪਏ ਪਾਣੀ ਉਪਰੰਤ ਛੱਤ ਦੀਆਂ ਡਾਟਾਂ ਦਾ ਪਾੜ ਕੇ ਡਿੱਗ ਜਾਣਾ ਦੱਸਿਆ ਗਿਆ ਹੈ।
ਮ੍ਰਿਤਕ ਨੌਜਵਾਨ ਅਮਰਵੀਰ ਸਿੰਘ ਅਤੇ ਉਸਦੀ ਭੈਣ ਅਰਸ਼ਦੀਪ ਕੌਰ ਆਪਣੀ ਭੂਆ ਦੇ ਘਰ ਵਿੱਚ ਹੀ ਰਹਿ ਰਹੇ ਸਨ। ਇਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਵਿਦੇਸ਼ ਵਿੱਚ ਰੁਜ਼ਗਾਰ 'ਤੇ ਲੱਗਿਆ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਲਾਸ਼ ਨੂੰ ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਵੱਲੋਂ ਜੱਦੀ ਪਿੰਡ ਲਿਜਾਇਆ ਗਿਆ। ਲਾਸ਼ ਨੂੰ ਰੋਪੜ ਹਸਪਤਾਲ ਵਿਖੇ ਮੋਰਚਰੀ ਵਿਚ ਰੱਖੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪਿਤਾ ਦੇ ਵਿਦੇਸ਼ ਤੋਂ ਆਉਣ ਮਗਰੋਂ ਹੀ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੁਖਦਾਈ ਘਟਨਾ ਨਾਲ ਖਮਾਣੋਂ ਅੰਦਰ ਪੂਰੀ ਤਰ੍ਹਾਂ ਸੋਗ ਦੀ ਲਹਿਰ ਹੈ।