ਪੈਸਿਆਂ ਖ਼ਾਤਰ ਹੋਇਆ ਨੌਜਵਾਨ ਦਾ ਕਤਲ, 3 ਹਫ਼ਤਿਆਂ ਬਾਅਦ ਮੋਹਾਲੀ ਤੋਂ ਮਿਲੀ ਲਾਸ਼
Monday, Jan 17, 2022 - 09:55 AM (IST)
ਪਾਤੜਾਂ (ਚੋਪੜਾ) : ਪਿਛਲੇ 3 ਹਫ਼ਤਿਆਂ ਤੋਂ ਲਾਪਤਾ ਨੌਜਵਾਨ ਵਿਅਕਤੀ ਦੀ ਲਾਸ਼ ਮੋਹਾਲੀ ਨੇੜੇ ਜੰਗਲਾਂ ’ਚੋਂ ਬਰਾਮਦ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਸਾਥੀ ਤੋਂ ਸ਼ੱਕ ਦੇ ਆਧਾਰ ’ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਕੁੱਝ ਸਾਹਮਣੇ ਆ ਗਿਆ। ਥਾਣਾ ਪਾਤੜਾਂ ਪੁਲਸ ਦੇ ਤਫ਼ਤੀਸ਼ੀ ਅਧਿਕਾਰੀ ਬੀਰਬਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸ਼ਾਮ ਲਾਲ ਸ਼ਰਮਾ (32) ਵਾਸੀ ਬਿਹਾਰ ਹਾਲ-ਏ-ਅਬਾਦ ਪਿੰਡ ਨਿਆਲ ਦੀ ਪਤਨੀ ਲਕਸ਼ਮੀ ਦੇਵੀ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦਾ ਪਤੀ ਕੋਠੀਆਂ ’ਚ ਪੀ. ਓ. ਪੀ. ਦਾ ਕੰਮ ਕਰਦਾ ਸੀ। ਕੁੱਝ ਦਿਨ ਪਹਿਲਾਂ 26 ਦਸੰਬਰ ਸ਼ਾਮ ਨੂੰ ਉਸ ਦਾ ਸਾਥੀ ਨਾਲ ਕੰਮ ਕਰਨ ਵਾਲਾ ਪਿੰਡ ਵਾਸੀ ਅੰਗਦ ਨਾਮਕ ਉਸ ਨੂੰ ਕਿਸੇ ਕੰਮ ’ਤੇ ਜਾਣ ਲਈ ਕਹਿ ਕੇ ਆਪਣੇ ਨਾਲ ਲੈ ਗਿਆ। ਉਸ ਦਿਨ ਤੋਂ ਬਾਅਦ ਉਸ ਦਾ ਪਤੀ ਘਰ ਵਾਪਸ ਨਹੀਂ ਆਇਆ।
ਇਸ ਸਬੰਧੀ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵੱਲੋਂ ਪੜਤਾਲ ਦੌਰਾਨ ਸ਼ੱਕ ਦੇ ਅਧਾਰ ’ਤੇ ਅੰਗਦ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੀ ਕਹਾਣੀ ਦਾ ਖ਼ੁਲਾਸਾ ਕਰ ਦਿੱਤਾ। ਉਸ ਨੇ ਦੱਸਿਆ ਕਿ ਸ਼ਾਮ ਲਾਲ ਨਾਲ ਉਸ ਦਾ ਪੈਸਿਆਂ ਸਬੰਧੀ ਝਗੜਾ ਸੀ। ਇਸ ਲਈ ਉਹ ਉਸ ਨੂੰ ਕੰਮ ’ਤੇ ਜਾਣ ਦਾ ਬਹਾਨਾ ਲਗਾ ਕੇ ਆਪਣੇ ਨਾਲ ਲੈ ਗਿਆ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਿਸ ਤੋਂ ਉਹ ਘਬਰਾ ਗਏ। ਲਾਸ਼ ਨੂੰ ਟਿਕਾਣੇ ਲਗਾਉਣ ਦੀ ਯੋਜਨਾ ਤਹਿਤ ਪਹਿਲਾਂ ਲਾਸ਼ ਨੂੰ ਭਾਖੜਾ ਨਹਿਰ ’ਚ ਸੁੱਟਣ ਦੀ ਯੋਜਨਾ ਬਣਾਈ।
ਉਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਕਾਰ ’ਚ ਰੱਖ ਕੇ ਮੋਹਾਲੀ ਦੇ ਇਕ ਪਿੰਡ ਨਜ਼ਦੀਕ ਜੰਗਲ ’ਚ ਸੁੱਟ ਦਿੱਤਾ, ਜਿਥੋਂ ਅੰਗਦ ਨੇ ਲਾਸ਼ ਪੁਲਸ ਨੂੰ ਬਰਾਮਦ ਕਰਵਾ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਲਾਲ ਦੀ ਮੌਤ ਦੇ ਮਾਮਲੇ ’ਚ ਪੁਲਸ ਨੇ ਅੰਗਦ, ਉਸ ਦੇ ਸਾਥੀ ਸ਼ੰਕਰ ਲਾਲ ਸਮੇਤ ਹੋਰ ਅਣਪਛਾਤੇ ਕੁੱਝ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅੰਗਦ ਨੂੰ ਅਦਾਲਤ ’ਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ। ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।