8 ਦਿਨ ਪਹਿਲਾਂ ਨਹਿਰ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

Wednesday, Mar 17, 2021 - 10:56 AM (IST)

8 ਦਿਨ ਪਹਿਲਾਂ ਨਹਿਰ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

ਸਮਾਣਾ (ਦਰਦ, ਅਸ਼ੋਕ) : ਇੱਥੇ 8 ਦਿਨ ਪਹਿਲਾਂ ਡਿਵਾਈਡਰ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਨਹਿਰ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਥਾਣਾ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ (25) ਪੁੱਤਰ ਨਾਰੰਗ ਸਿੰਘ ਵਾਸੀ ਪਿੰਡ ਰੇਤਗੜ੍ਹ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਬਾਅਦ 8 ਮਾਰਚ ਨੂੰ ਸ਼ਾਮ ਦੇ ਸਮੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਦੋਸਤ ਸਿਮਰਨ ਸਿੰਘ ਦੇ ਨਾਲ ਵਾਪਸ ਪਿੰਡ ਆ ਰਿਹਾ।

ਪਿੰਡ ਧਨੇਠਾ ਨੇੜਿਓਂ ਲੰਘਦੀ ਭਾਖੜਾ ਪੁਲ ਦੇ ਡਿਵਾਈਡਰ ਦੇ ਨਾਲ ਉਸ ਦਾ ਮੋਟਰਸਾਈਕਲ ਟਕਰਾ ਜਾਣ ਕਾਰਣ ਦੋਵੇਂ ਭਾਖੜਾ ਨਹਿਰ ’ਚ ਡਿੱਗ ਗਏ ਸਨ ਪਰ ਉੱਥੇ ਮੌਜੂਦ ਲੋਕਾਂ ਦੀ ਕੋਸ਼ਿਸ਼ ਨਾਲ ਸਿਮਰਨ ਸਿੰਘ ਨੂੰ ਮੌਕੇ ’ਤੇ ਨਹਿਰ ’ਚੋਂ ਜਿਊਂਦਾ ਕੱਢ ਲਿਆ ਗਿਆ ਸੀ, ਜਦੋਂ ਕਿ ਗੁਰਸੇਵਕ ਸਿੰਘ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਸੀ।

ਬੀਤੀ ਸ਼ਾਮ ਉਸ ਦੀ ਲਾਸ਼ ਨਰਵਾਣਾ ਨੇੜਿਓਂ ਭਾਖੜਾ ਨਹਿਰ ’ਚੋਂ ਬਰਾਮਦ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ’ਚ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ।


author

Babita

Content Editor

Related News