1 ਕਿੱਲੋ 964 ਗ੍ਰਾਮ ਆਈਸ ਡਰੱਗ ਤੇ ਕਰੂਜ਼ ਗੱਡੀ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ
Monday, Sep 07, 2026 - 02:32 PM (IST)
ਫਿਰੋਜ਼ਪੁਰ (ਰਾਜੇਸ਼ ਢੰਡ) : ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੀ ਪੁਲਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਸਫ਼ਲਤਾ ਹਾਸਲ ਹੋਈ ਹੈ। ਪੁਲਸ ਨੇ ਇਕ ਗੁਪਤ ਇਤਲਾਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਨੂੰ 1 ਕਿੱਲੋ 964 ਗ੍ਰਾਮ ਆਈਸ ਡਰੱਗ ਆਈਸ ਡਰੱਗ, ਇਕ ਕਰੂਜ ਗੱਡੀ ਅਤੇ ਮੋਬਾਇਲ ਫੋਨ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਮੌਜੂਦ ਸਨ। ਇਸੇ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਹਰਸ਼ਦੀਪ ਸਿੰਘ ਉਰਫ਼ ਪਿਊਸ਼ ਪੁੱਤਰ ਕਵਰ ਪਾਲ ਸਿੰਘ ਵਾਸੀ ਮਕਾਨ ਨੰਬਰ 1329, ਗਲੀ ਨੰਬਰ 05, ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ, ਅਸ਼ੋਕ ਨਗਰ, ਖਜੂਰ ਚੌਂਕ, ਥਾਣਾ ਸਲੇਮ ਟਾਬਰੀ, ਜ਼ਿਲ੍ਹਾ ਲੁਧਿਆਣਾ ਆਈਸ ਡਰੱਗ ਵੇਚਣ ਦਾ ਧੰਦਾ ਕਰਦਾ ਹੈ।
ਮੁਖਬਰ ਨੇ ਦੱਸਿਆ ਕਿ ਦੋਸ਼ੀ ਅੱਜ ਵੀ ਭਾਰੀ ਮਾਤਰਾ ਵਿਚ ਆਈਸ ਡਰੱਗ ਵੇਚਣ ਦੀ ਤਾਕ ਵਿਚ ਆਪਣੀ ਕਰੂਜ਼ ਗੱਡੀ ਵਿਚ ਸਵਾਰ ਹੋ ਕੇ ਦਾਣਾ ਮੰਡੀ ਪਿੰਡ ਸਾਂਦੇ ਹਾਸ਼ਮ ਵਿਖੇ ਗਾਹਕ ਦੀ ਉਡੀਕ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਦੋਸ਼ੀ ਹਰਸ਼ਦੀਪ ਸਿੰਘ ਉਰਫ਼ ਪਿਊਸ਼ ਨੂੰ ਮੌਕੇ ’ਤੇ ਰੰਗੇ ਹੱਥੀਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ’ਚੋਂ 1 ਕਿੱਲੋ 964 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥਾਮਫੇਟਾਮਾਈਨ), 1 ਗੱਡੀ ਕਰੂਜ਼ ਨੰਬਰ ਪੀਬੀ-10-ਏਈ-6262 ਅਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਹੁਣ ਦੋਸ਼ੀ ਕੋਲੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇਹ ਨਸ਼ਾ ਕਿੱਥੋਂ ਲਿਆਇਆ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨ ਜਾ ਰਿਹਾ ਸੀ।
