ਜਵਾਨ ਪੁੱਤ ਦੇ ਖ਼ੌਫਨਾਕ ਕਦਮ ਨੇ ਤੋੜਿਆ ਮਾਪਿਆਂ ਦਾ ਲੱਕ, ਕੈਮਰੇ 'ਚ ਕੈਦ ਹੋਇਆ ਮੌਤ ਦਾ ਭਿਆਨਕ ਮੰਜ਼ਰ
Monday, May 17, 2021 - 06:47 PM (IST)
ਨਾਭਾ (ਰਾਹੁਲ) : ਨਾਭਾ ਦੇ ਸੰਗਤਪੁਰਾ ਮੁਹੱਲਾ ਵਿਖੇ ਨੌਕਰੀ ਨਾ ਮਿਲਣ ਕਾਰਨ 25 ਸਾਲਾ ਨੌਜਵਾਨ ਵੱਲੋਂ ਖ਼ੌਫਨਾਕ ਕਦਮ ਚੁੱਕਦੇ ਹੋਏ ਖ਼ੁਦਕੁਸ਼ੀ ਕਰ ਲਈ ਗਈ। ਜਵਾਨ ਪੁੱਤ ਦੀ ਮੌਤ ਨੇ ਮਾਪਿਆਂ ਦਾ ਤਾਂ ਲੱਕ ਹੀ ਤੋੜ ਦਿੱਤਾ। ਉੱਥੇ ਹੀ ਉਕਤ ਨੌਜਵਾਨ ਦੀ ਮੌਤ ਦਾ ਭਿਆਨਕ ਮੰਜ਼ਰ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸੰਗਤਪੁਰਾ ਮੁਹੱਲੇ ਦੇ ਰਹਿਣ ਵਾਲੇ ਮ੍ਰਿਤਕ ਵਿਸ਼ਾਲ ਕੁਮਾਰ ਨੇ ਬੜੀ ਮਿਹਨਤ ਕਰਕੇ ਥਾਪਰ ਯੂਨੀਵਰਸਿਟੀ 'ਚੋਂ ਬੀ. ਟੈੱਕ ਦੀ ਪੜ੍ਹਾਈ ਕੀਤੀ ਸੀ ਅਤੇ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦਾ ਸੀ। ਉਸ ਨੂੰ ਪੂਰੀ ਉਮੀਦ ਸੀ ਕਿ ਉਸ ਨੂੰ ਇਕ ਵਧੀਆ ਸਰਕਾਰੀ ਨੌਕਰੀ ਮਿਲੇਗੀ ਪਰ ਨੌਕਰੀ ਨਾ ਮਿਲਣ ਦੇ ਚੱਲਦਿਆਂ ਵਿਸ਼ਾਲ ਕੁਮਾਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ।
ਇਹ ਸਾਰੀ ਘਟਨਾ ਭਾਵੇਂ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਈ ਪਰ ਜਦੋਂ ਵਿਸ਼ਾਲ ਕੁਮਾਰ ਨੇ ਛਾਲ ਮਾਰੀ ਤਾਂ ਰਾਹਗੀਰ ਵੀ ਮੂਕ ਦਰਸ਼ਕ ਬਣਕੇ ਵੇਖਦੇ ਦਿਖਾਈ ਦਿੱਤੇ ਅਤੇ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਵਿਸ਼ਾਲ ਕੁਮਾਰ ਨੂੰ ਬਚਾ ਲਿਆ ਜਾਵੇ। ਸੀ. ਸੀ. ਟੀ. ਵੀ. ਫੁਟੇਜ 'ਚ ਦੇਖਿਆ ਗਿਆ ਕਿ ਜਦੋਂ ਵਿਸ਼ਾਲ ਨੇ ਪਹਿਲਾਂ ਨਹਿਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿੱਛੇ ਨੂੰ ਸੜਕ 'ਤੇ ਡਿਗ ਜਾਂਦਾ ਹੈ ਅਤੇ ਦੂਜੀ ਵਾਰ ਫਿਰ ਕੋਸ਼ਿਸ਼ ਕਰਦਾ ਹੈ ਅਤੇ ਨਹਿਰ ਵਿੱਚ ਡੁੱਬ ਜਾਂਦਾ ਹੈ। ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਲਾਸ਼ ਤਿੰਨ ਦਿਨਾਂ ਬਾਅਦ ਹੀ ਨਹਿਰ 'ਚੋਂ ਬਰਾਮਦ ਹੋਈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦੇ 'ਅਧਿਆਪਕਾਂ' ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਸਖ਼ਤ ਹੁਕਮ
ਹੁਣ ਘਰ ਵਿੱਚ ਮਾਤਾ-ਪਿਤਾ ਅਤੇ ਉਸ ਦੀ ਭੈਣ ਹੀ ਰਹਿ ਗਏ ਹਨ। ਇਸ ਮੌਕੇ 'ਤੇ ਮ੍ਰਿਤਕ ਵਿਸ਼ਾਲ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਹੁਤ ਹੀ ਹੋਣਹਾਰ ਸੀ, ਜਿਸ ਨੂੰ ਅਸੀਂ ਬੜੀ ਮਿਹਨਤ ਦੇ ਨਾਲ ਪੜ੍ਹਾਇਆ ਅਤੇ ਉਸ ਨੂੰ ਥਾਪਰ ਯੂਨੀਵਰਸਿਟੀ ਵਿੱਚ ਬੀ. ਟੈੱਕ. ਦਾ ਡਿਪਲੋਮਾ ਵੀ ਕਰਵਾਇਆ ਪਰ ਉਸ ਨੂੰ ਨੌਕਰੀ ਨਹੀਂ ਮਿਲੀ, ਜਿਸ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਤਰ ਤੋਂ ਬਹੁਤ ਉਮੀਦਾਂ ਸਨ ਕਿ ਉਹ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਪਰ ਸਾਨੂੰ ਇਹ ਨਹੀਂ ਪਤਾ ਨਹੀਂ ਸੀ ਕਿ ਉਹ ਇੰਨਾ ਵੱਡਾ ਕਦਮ ਚੁੱਕ ਲਵੇਗਾ।
ਵਿਸ਼ਾਲ ਕੁਮਾਰ ਵੱਲੋਂ ਚੁੱਕੇ ਗਏ ਖੌਫ਼ਨਾਕ ਕਦਮ ਨੇ ਜਿੱਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ ਦੇ ਵਾਅਦਿਆਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਕਦਮ ਨਾ ਚੁੱਕਣ ਅਤੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਦੇ ਹੋਏ ਪਿੱਛੇ ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਰੁਲਣ ਲਈ ਮਜਬੂਰ ਨਾ ਕਰਨ। ਬੁਢਾਪੇ ਵਿੱਚ ਸਿਰਫ਼ ਨੌਜਵਾਨ ਹੀ ਮਾਪਿਆਂ ਦਾ ਸਹਾਰਾ ਹੁੰਦੇ ਹਨ ਪਰ ਹੁਣ ਮ੍ਰਿਤਕ ਵਿਸ਼ਾਲ ਦੇ ਮਾਤਾ-ਪਿਤਾ ਕਿਸ ਦੇ ਸਹਾਰੇ ਜ਼ਿੰਦਗੀ ਬਤੀਤ ਕਰਨਗੇ, ਇਹ ਸਵਾਲੀਆ ਚਿੰਨ੍ਹ ਸਰਕਾਰ 'ਤੇ ਖੜ੍ਹੇ ਹੋ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ