ਪਤਨੀ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਖੁਦ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ

Wednesday, Aug 05, 2020 - 08:55 AM (IST)

ਪਤਨੀ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਖੁਦ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ

ਲੁਧਿਆਣਾ (ਮੋਹਿਨੀ) : ਪਤਨੀ ਤੋਂ ਦੁਖੀ ਹੋ ਕੇ ਪਤੀ ਵੱਲੋਂ ਪੈਟਰੋਲ ਪਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਕੇਸ ਥਾਣਾ ਸ਼ਿਮਲਾਪੁਰੀ ’ਚ ਆਇਆ ਹੈ। ਪੁਲਸ ਨੇ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਦੀ ਪਤਨੀ ਖਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕ ਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਘਰੋਂ ਫਰਾਰ ਹੋ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਨੇ ਦੱਸਿਆ ਕਿ ਉਸ ਦਾ ਬੇਟਾ ਅਰਵਿਦੰਰ ਸਿੰਘ ਕਾਰ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਉਸ ਦੇ ਬੇਟੇ ਅਤੇ ਰਾਜਪਿੰਦਰ ਕੌਰ ਵਾਸੀ ਬਠਿੰਡਾ ਨੇ 10 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ।

ਇਹ ਵੀ ਪੜ੍ਹੋ : ਆਕਸਫੋਰਡ ਯੂਨੀਵਰਸਿਟੀ 'ਚ ਬਣ ਰਹੀ ਕੋਰੋਨਾ ਵੈਕਸੀਨ ਦੇ ਟ੍ਰਾਇਲ ਦਾ ਹਿੱਸਾ ਬਣਿਆ 'PGI'

ਮਹਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਕੁੱਝ ਸਾਲ ਬਾਅਦ ਆਪਸ ’ਚ ਉਨ੍ਹਾਂ ਦੀ ਅਣਬਣ ਵੱਧਦੀ ਗਈ ਅਤੇ ਗੱਲ ਲੜਾਈ-ਝਗੜੇ ਤੱਕ ਪੁੱਜ ਗਈ, ਜਿਸ ਕਾਰਨ ਮੇਰਾ ਬੇਟਾ ਕਾਫੀ ਪਰੇਸ਼ਾਨ ਰਹਿਣ ਲੱਗਾ। ਉਨ੍ਹਾਂ ਕਿਹਾ ਕਿ ਕਿਸੇ ਗੱਲ ਨੂੰ ਲੈ ਕੇ ਮੇਰਾ ਬੇਟਾ 30 ਜੁਲਾਈ ਦੀ ਰਾਤ ਨੂੰ ਕਿਤੇ ਚਲਾ ਗਿਆ ਸੀ ਤਾਂ ਜਦੋਂ ਉਹ ਸਵੇਰ ਆਇਆ ਤਾਂ ਦਰਵਾਜ਼ਾ ਖੜਕਾਉਣ ’ਤੇ ਉਸ ਦੀ ਪਤਨੀ ਰਾਜਪਿੰਦਰ ਕੌਰ ਨੇ ਕਾਫ਼ੀ ਸਮੇਂ ਤੱਕ ਦਰਵਾਜ਼ਾ ਨਾ ਖੋਲ੍ਹਿਆ, ਜਿਸ ’ਤੇ ਦੋਵਾਂ ਦੀ ਬਹਿਸ ਹੋ ਗਈ ਅਤੇ ਉਸ ਦੇ ਬੇਟੇ ਨੇ 31 ਜੁਲਾਈ ਦੀ ਸਵੇਰ ਨੂੰ ਆਪਣੇ ’ਤੇ ਪੈਟਰੋਲ ਪਾ ਕੇ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੌਜਵਾਨ ਦੀ ਲੱਗੀ ਅੱਖ, ਪਲਾਂ 'ਚ ਵਾਪਰਿਆ ਦਰਦਨਾਕ ਹਾਦਸਾ

ਉਨ੍ਹਾਂ ਕਿਹਾ ਕਿ ਬੇਟੇ ਦੀਆਂ ਚੀਕਾਂ ਸੁਣ ਕੇ ਮੁਹੱਲਾ ਵਾਸੀ ਵੀ ਆ ਗਏ ਅਤੇ ਉਨ੍ਹਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਉਸ ਦਾ ਸਰੀਰ ਕਾਫ਼ੀ ਹੱਦ ਤੱਕ ਸੜ ਚੁੱਕਾ ਸੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਹਿੰਦਰ ਸਿੰਘ ਨੇ ਰੋਂਦਿਆਂ ਕਿਹਾ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਪੁਲਸ ਨੇ ਵੀ ਕੇਸ ਦਰਜ ਕਰਨ 'ਚ 3 ਦਿਨ ਲਗਾ ਦਿੱਤੇ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਕੋਠੀ ਲਈ ਵਕੀਲ ਦਾ ਬੇਰਹਿਮੀ ਨਾਲ ਕਤਲ, ਗੱਡੀ ਸਮੇਤ ਨਹਿਰ 'ਚ ਸੁੱਟੀ ਲਾਸ਼

ਜਾਂਚ ਅਧਿਕਾਰੀ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਸ ਦੇ ਛੋਟੇ ਭਰਾ ਦੇ ਆਉਣ ’ਤੇ ਬਿਆਨ ਦਰਜ ਕਰਵਾ ਦੇਣਗੇ। ਹੁਣ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਤਨੀ ਰਾਜਪਿੰਦਰ ਕੌਰ ਪੁੱਤਰੀ ਸਿਕੰਦਰ ਸਿੰਘ ਵਾਸੀ ਪਿੰਡ ਸਿਬੀਆ, ਬਠਿੰਡਾ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਉਹ ਮੌਕੇ ਤੋਂ ਆਪਣੇ 8 ਸਾਲ ਦੇ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈ ਸੀ, ਜਿਸ ਦੀ ਭਾਲ ਕਰ ਕੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


 


author

Babita

Content Editor

Related News