ਡੇਰਾਬੱਸੀ ਪੁਲਸ ਵੱਲੋਂ ਹਥਿਆਰ ਤੇ ਬੁਲੇਟ ਪਰੂਫ ਜੈਕੇਟ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

09/06/2021 12:46:36 PM

ਡੇਰਾਬੱਸੀ (ਜ. ਬ.) : ਡੇਰਾਬੱਸੀ ਪੁਲਸ ਨੇ ਇਕ ਨੌਜਵਾਨ ਨੂੰ 3 ਪਿਸਤੌਲਾਂ 38 ਬੋਰ, 11 ਜ਼ਿੰਦਾ ਕਾਰਤੂਸਾਂ ਅਤੇ ਇਕ ਬੁਲੇਟ ਪਰੂਫ਼ ਜੈਕੇਟ ਸਮੇਤ ਕਾਬੂ ਕੀਤਾ ਹੈ, ਜਿਸ ਦੀ ਪਛਾਣ ਬਿਕਰਮ ਕੌਸ਼ਲ ਉਰਫ਼ ਬੰਟੀ ਨਿਵਾਸੀ ਕੱਚਾ ਬਾਜ਼ਾਰ ਅੰਬਾਲਾ ਵਜੋਂ ਹੋਈ ਹੈ। ਥਾਣਾ ਡੇਰਾਬੱਸੀ ਇੰਚਾਰਜ ਜਤਿਨ ਕਪੂਰ ਨੇ ਦੱਸਿਆ ਕਿ 3 ਸਤੰਬਰ ਦੀ ਰਾਤ ਨੂੰ ਮੁਬਾਰਕਪੁਰ ਚੌਂਕੀ ਇੰਚਾਰਜ ਦੇ ਐੱਸ. ਆਈ. ਨਰਪਿੰਦਰ ਪਾਲ ਸਿੰਘ ਸਮੇਤ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਕਿ ਗੱਡੀ ਦਾ ਚਾਲਕ ਹਥਿਆਰ ਲੈ ਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਅੰਬਾਲਾ ਤੋਂ ਜ਼ੀਰਕਪੁਰ ਵੱਲ ਆ ਰਿਹਾ ਹੈ। ਪੁਲਸ ਨੇ ਪਿੰਡ ਭਾਖਰਪੁਰ ਲਾਈਟਾਂ ਕੋਲ ਸਪੈਸ਼ਲ ਨਾਕਾਬੰਦੀ ਕੀਤੀ ਅਤੇ ਇਸ ਦੌਰਾਨ ਡੇਰਾਬੱਸੀ ਵੱਲੋਂ ਸਕਾਰਪੀਓ ਗੱਡੀ ਆਉਂਦੀ ਦਿਸੀ, ਜੋ ਪੁਲਸ ਪਾਰਟੀ ਨੂੰ ਚੈਕਿੰਗ ਕਰਦਿਆਂ ਵੇਖ ਕੇ ਇਕ ਦਮ ਪਿੱਛੇ ਮੁੜਨ ਲੱਗੀ ਤਾਂ ਐੱਸ. ਆਈ. ਨਰਪਿੰਦਰ ਪਾਲ ਸਿੰਘ ਨੇ ਉਕਤ ਗੱਡੀ ਚਾਲਕ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ।
3 ਦਿਨਾਂ ਦੇ ਰਿਮਾਂਡ ’ਤੇ
ਪੁਲਸ ਨੇ ਜਦੋਂ ਗੱਡੀ ਚਾਲਕ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਬਿਕਰਮ ਕੌਸ਼ਲ ਨਿਵਾਸੀ ਕੱਚਾ ਬਾਜ਼ਾਰ ਅੰਬਾਲਾ ਕੈਂਟ ਹਰਿਆਣਾ ਦੱਸਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਡੈਸ਼ ਬੋਰਡ ਵਿਚੋਂ 2 ਪਿਸਤੌਲਾਂ 38 ਬੋਰ ਅਤੇ 11 ਜ਼ਿੰਦਾ ਕਾਰਤੂਸ ਅਤੇ ਇਕ ਬੁਲੇਟ ਪਰੂਫ਼ ਜੈਕੇਟ ਬਰਾਮਦ ਹੋਈ। ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਸ ਰਿਮਾਂਡ ਵਿਚ ਮੁਲਜ਼ਮ ਤੋਂ ਇਕ ਹੋਰ ਪਿਸਤੌਲ 38 ਬੋਰ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਬੰਟੀ ਵਾਰਦਾਤ ਕਰਨ ਦਾ ਆਦੀ ਹੈ, ਜਿਸ ’ਤੇ ਪਹਿਲਾਂ ਵੀ ਹਰਿਆਣਾ ਅਤੇ ਪੰਜਾਬ ਵਿਚ ਕਈ ਮਾਮਲੇ ਦਰਜ ਹਨ। ਪੁਲਸ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।


Babita

Content Editor

Related News