ਖ਼ੌਫਨਾਕ, ਨੌਜਵਾਨ ਨੇ ਤਾਰਾਂ ਨੂੰ ਹੱਥ ਲਾ ਕੇ ਕੀਤੀ ਆਤਮਹੱਤਿਆ

Wednesday, Jun 19, 2024 - 10:54 AM (IST)

ਪਟਿਆਲਾ (ਬਲਜਿੰਦਰ) : ਨੌਜਵਾਨ ਨੇ ਤਾਰਾਂ ਨੂੰ ਹੱਥ ਲਾ ਕੇ ਆਤਮਹੱਤਿਆ ਕਰ ਲਈ। ਉਸ ਦੀ ਪਛਾਣ ਭਗਵੰਤ ਸਿੰਘ ਵਾਸੀ ਪਿੰਡ ਚਮਾਰਹੇੜੀ ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ। ਇਸ ਮਾਮਲੇ ’ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਭਗਵੰਤ ਸਿੰਘ ਦੇ ਪਿਤਾ ਰਾਮਪਾਲ ਸਿੰਘ ਦੀ ਸ਼ਿਕਾਇਤ ’ਤੇ ਆਤਮਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ ’ਚ ਦਰਸ਼ਨ ਸਿੰਘ, ਜੱਸਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਚਮਾਰਹੇੜੀ ਥਾਣਾ ਸਦਰ ਪਟਿਆਲਾ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ 306 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਰਾਮਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਲੜਕਾ ਗੁਰਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਘਰੋਂ ਗਾਇਬ ਸੀ। ਉਕਤ ਵਿਅਕਤੀ ਉਸ ਦੇ ਲੜਕੇ ਭਗਵੰਤ ਸਿੰਘ ’ਤੇ ਦੋਸ਼ ਲਗਾ ਰਹੇ ਸਨ ਕਿ ਉਸ ਨੇ ਗੁਰਸੇਵਕ ਸਿੰਘ ਨੂੰ ਗਾਇਬ ਕੀਤਾ ਹੈ। ਜਦੋਂ ਗੁਰਸੇਵਕ ਸਿੰਘ ਦੇ ਗਾਇਬ ਹੋਣ ਦੀ ਸ਼ਿਕਾਇਤ ਬਹਾਦਰਗੜ੍ਹ ਚੌਕੀ ’ਚ ਦਿੱਤੀ ਗਈ ਤਾਂ ਉਸ ਦੇ ਪੁੱਤਰ ਭਗਵੰਤ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਗੱਲ ਨੂੰ ਉਸ ਦੇ ਪੁੱਤਰ ਨੇ ਦਿਲ ’ਤੇ ਲਾ ਲਿਆ।

ਉਹ ਝੂਠੇ ਦੋਸ਼ਾਂ ਕਾਰਨ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਉਸ ਨੇ ਆਪਣੇ ਘਰ ਦੀ ਛੱਤ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਆਤਮਹੱਤਿਆ ਕਰ ਲਈ ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖਿਲਾਫ 306 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਇਸ ਮਾਮਲੇ ’ਚ ਪੁਲਸ ਨੇ ਗੁਰਸੇਵਕ ਸਿੰਘ ਦੇ ਗਾਇਬ ਹੋਣ ਸਬੰਧੀ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ’ਚ ਰੱਖਣ ਦੇ ਦੋਸ਼ ’ਚ 346 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਪਿੰਕੀ ਰਾਣੀ ਪਤਨੀ ਗੁਰਦੀਪ ਸਿੰਘ ਵਾਸੀ ਪਿੰਡ ਚਮਾਰਹੇੜੀ ਥਾਣਾ ਸਦਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਲੜਕੇ ਗੁਰਸੇਵਕ ਸਿੰਘ ਨਾਲ ਸਵਾਰ ਹੋ ਕੇ ਹਰਿਆਣਾ ਦੇ ਪਿੰਡ ਖਰਚਨਪੁਰ ਗਈ ਸੀ। ਉੱਥੋਂ ਉਸ ਦਾ ਲੜਕਾ ਇਹ ਕਹਿ ਕੇ ਚਲਾ ਗਿਆ ਕਿ ਉਸ ਨੇ ਆਪਣੇ ਦੋਸਤਾਂ ਨਾਲ ਵਿਆਹ ’ਤੇ ਜਾਣਾ ਹੈ। ਉਹ ਆਪਣੇ ਪਿੰਡ ਚਮਾਰਹੇੜੀ ਆ ਗਿਆ ਅਤੇ ਸ਼ਾਮ ਨੂੰ ਵਿਆਹ ਬਾਰੇ ਕਹਿ ਕੇ ਚਲਾ ਗਿਆ ਅਤੇ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਦੇ ਲਡ਼ਕੇ ਨੂੰ ਗੈਰ ਕਾਨੂੰਨੀ ਤੌਰ ’ਤੇ ਹਿਰਾਸਤ ’ਚ ਲੈ ਲਿਆ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News