ਨੌਜਵਾਨ ਦੇ ਕਤਲ ਦਾ ਮਾਮਲਾ : ਸੱਤ ਘੰਟੇ ''ਚ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Wednesday, Aug 07, 2024 - 06:09 PM (IST)

ਨੌਜਵਾਨ ਦੇ ਕਤਲ ਦਾ ਮਾਮਲਾ : ਸੱਤ ਘੰਟੇ ''ਚ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਲੁਧਿਆਣਾ (ਰਾਜ) : ਮਹਾਰਾਜ ਨਗਰ ਵਿਚ ਹੋਏ 19 ਸਾਲ ਦੇ ਮੋਹਿਤ ਦੇ ਕਤਲ ਦੇ ਮਾਮਲੇ ਵਿਚ ਥਾਣਾ ਪੀ.ਏ.ਯੂ. ਦੀ ਪੁਲਸ ਨੇ ਤੇਜ਼ ਕਾਰਵਾਈ ਕਰਦੇ ਹੋਏ ਸਿਰਫ ਸੱਤ ਘੰਟਿਆਂ ਦੇ ਅੰਦਰ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਮੁਲਜ਼ਮ ਸਾਗਰ ਉਰਫ ਸੰਨੀ, ਸੂਰਜ ਅਤੇ ਅਭਿਸ਼ੇਕ ਹਨ। ਫੜੇ ਗਏ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਨੇ ਪੁਲਸ ਰਿਮਾਂਡ ’ਤੇ ਭੇਜਿਆ ਹੈ। ਮੁਲਜ਼ਮਾਂ ਤੋਂ ਪੁੱਛਗਿਛ ਕਰਕੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਧਰ ਪਕੜ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਮੁਰਾਦ ਜਸਵੀਰ ਗਿੱਲ ਨੇ ਦੱਸਿਆ ਕਿ ਪੁਲਸ ਸ਼ਿਕਾਇਤ ਵਿਚ ਮ੍ਰਿਤਕ ਦੇ ਦੋਸਤ ਦੀਪਕ ਨੇ ਦੱਸਿਆ ਕਿ ਉਹ ਵਾਲਮੀਕਿ ਘਾਟੀ ਮੁਹੱਲੇ ਦੇ ਰਹਿਣ ਵਾਲੇ ਹਨ। ਉਹ ਆਪਣੇ ਦੋਸਤ ਮੋਹਿਤ ਕੰਡਿਆਰਾ, ਯੁਵਿਆਂਸ਼, ਮੋਹਿਤ ਪਦਮ, ਮੰਥਨ, ਗੌਤਮ, ਦੀਪਕ, ਅਰਜਨ, ਮੋਹਨ ਅਤੇ ਨਿਖਿਲ ਦੇ ਨਾਲ ਕਿਸੇ ਪਾਰਟੀ ਵਿਚ ਸ਼ਾਮਲ ਹੋਣ ਗਏ ਸਨ। ਇਸ ਦੌਰਾਨ ਜਦੋਂ ਬਾਈਕ ’ਤੇ ਵਾਪਸ ਮਹਾਰਾਜ ਨਗਰ ਤੋਂ ਗੁਜ਼ਰ ਰਹੇ ਸਨ ਤਾਂ ਉਥੇ ਕੁਝ ਨੌਜਵਾਨਾਂ ਦੇ ਨਾਲ ਮਾਮੂਲੀ ਗੱਲ ਕਰਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਬਾਕੀ ਸਾਰੇ ਆਪੋ ਆਪਣੀ ਜਾਨ ਬਚਾ ਕੇ ਉਥੋਂ ਭੱਜ ਗਏ ਪਰ ਉਹ ਖੁਦ ਅਤੇ ਉਸ ਦੇ ਨਾਲ ਮੋਹਿਤ ਪਦਮ ਅਤੇ ਯੁਵਿਆਂਸ਼ ਨੂੰ ਮੁਲਜ਼ਮਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੋਹਿਤ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰੇ ਸਨ ਪਰ ਫਿਰ ਵੀ ਮੋਹਤਿ ਪੈਦਲ ਹੀ ਬਚਣ ਲਈ ਘੁਮਾਰ ਮੰਡੀ ਵੱਲ ਭੱਜਿਆ। ਅੱਗੇ ਜਾ ਕੇ ਉਹ ਬੇਹੋਸ਼ ਹੋ ਕੇ ਸੜਕ ‘ਤੇ ਡਿੱਗ ਗਿਆ, ਜਦੋਂਕਿ ਉਨ੍ਹਾਂ ਨੂੰ ਮੁਲਜ਼ਮਾਂ ਨੇ ਫੜ ਲਿਆ।

ਐੱਸ.ਐੱਚ.ਓ. ਰਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ, ਉਹ ਪੁਲਸ ਪਾਰਟੀ ਨਾਲ ਪੁੱਜ ਗਏ ਸਨ ਜਿਥੇ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਬਾਅਦ ਵਿਚ ਪਤਾ ਲੱਗਾ ਕਿ ਮੋਹਿਤ ਮੌਕੇ ਤੋਂ ਖੁਦ ਨੂੰ ਬਚਾਉਂਦੇ ਹੋਏ ਭੱਜ ਗਿਆ ਜੋ ਕਿ ਘੁਮਾਰ ਮੰਡੀ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਵੀ ਤੁਰੰਤ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਸ ਨੇ ਪਹਿਲਾਂ ਇਸ ਮਾਮਲੇ ਵਿਚ ਕੁੱਟਮਾਰ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ ਪਰ ਇਲਾਜ ਦੌਰਾਨ ਮੋਹਿਤ ਦੀ ਮੌਤ ਹੋਣ ਤੋਂ ਬਾਅਦ ਮੁਲਜ਼ਮਾਂ ’ਤੇ ਕਤਲ ਦੀ ਧਾਰਾ ਜੋੜ ਦਿੱਤੀ ਗਈ। ਇਸ ਤੋਂ ਬਾਅਦ ਸਿਰਫ ਸੱਟ ਘੰਟੇ ਵਿਚ ਮੁਲਜ਼ਮਾਂ ਨੂੰ ਫੜ ਵੀ ਲਿਆ ਗਿਆ।


author

Gurminder Singh

Content Editor

Related News