ਹਥਿਆਰਬੰਦ ਮੁੰਡਿਆਂ ਨੇ ਨੌਜਵਾਨ ਨੂੰ ਪਹਿਲਾਂ ਕੀਤਾ ਅਗਵਾ, ਫਿਰ ਕੀਤੀ ਬੁਰੀ ਤਰ੍ਹਾਂ ਕੁੱਟਮਾਰ

Tuesday, May 09, 2023 - 05:47 PM (IST)

ਹਥਿਆਰਬੰਦ ਮੁੰਡਿਆਂ ਨੇ ਨੌਜਵਾਨ ਨੂੰ ਪਹਿਲਾਂ ਕੀਤਾ ਅਗਵਾ, ਫਿਰ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਮੋਗਾ (ਅਜ਼ਾਦ) : ਥਾਣਾ ਸਿਟੀ ਸਾਊਥ ਅਧੀਨ ਪੈਂਦੇ ਇਲਾਕੇ ਲਾਲ ਸਿੰਘ ਰੋਡ ਮੋਗਾ ਨਿਵਾਸੀ ਜੋਬਨਪ੍ਰੀਤ ਨੂੰ ਕੁਝ ਹਥਿਆਰਬੰਦ ਲੜਕਿਆਂ ਵੱਲੋਂ ਅਗਵਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਉਣਾ ਪਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜੋਬਨਪ੍ਰੀਤ ਨੇ ਕਿਹਾ ਕਿ ਉਹ ਗੁਰੂ ਨਾਨਕ ਕਾਲਜ ਮੋਗਾ ਤੋਂ ਪੈਦਲ ਆਪਣੇ ਘਰ ਜਾ ਰਿਹਾ ਸੀ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਰੋਹਨ ਅਤੇ ਉਸ ਦੇ ਇਕ ਅਣਪਛਾਤੇ ਸਾਥੀ ਨੇ ਉਸ ਨੂੰ ਘੇਰ ਲਿਆ ਅਤੇ ਉਸਦਾ ਮੂੰਹ ਢੱਕ ਕੇ ਜ਼ਬਰਦਸਤੀ ਮੋਟਰਸਾਈਕਲ ’ਤੇ ਨਾਲ ਲੈ ਗਏ ਅਤੇ ਕੁੱਟਮਾਰ ਵੀ ਕਰਦੇ ਰਹੇ।

ਉਸ ਨੇ ਕਿਹਾ ਕਿ ਉਹ ਮੈਂਨੂੰ ਨਿਗਾਹਾ ਰੋਡ ਮੋਗਾ ’ਤੇ ਸਥਿਤ ਇਕ ਸਲੂਨ ਵਿਚ ਲੈ ਗਏ, ਜਿੱਥੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਵੀ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ। ਮੈਂ ਉਥੋਂ ਭੱਜ ਕੇ ਜਾਨ ਬਚਾਈ ਅਤੇ ਬੇਹੋਸ਼ ਹੋ ਕੇ ਡਿੱਗ ਪਿਆ,ਜਿਸ ’ਤੇ ਮੈਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਪੁਲਸ ਵੱਲੋਂ ਰੋਹਨ, ਬਬਲੂ ਅਤੇ 4-5 ਅਣਪਛਾਤੇ ਲੜਕਿਆਂ ਖਿਲਾਫ਼ ਥਾਣਾ ਸਿਟੀ ਸਾਊਥ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਰੰਜਿਸ਼ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕਥਿਤ ਦੋਸ਼ੀਆਂ ਦੇ ਕਾਬੂ ਆਉਣ ’ਤੇ ਹੀ ਅਸਲੀਅਤ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News