ਸੰਗਲਾਂ ਨਾਲ ਬੰਨ੍ਹੇ ਨੌਜਵਾਨ ਨੂੰ ਜੱਜ ਨੇ ਕਰਵਾਇਆ ਆਜ਼ਾਦ

Wednesday, May 13, 2020 - 12:27 PM (IST)

ਸੰਗਲਾਂ ਨਾਲ ਬੰਨ੍ਹੇ ਨੌਜਵਾਨ ਨੂੰ ਜੱਜ ਨੇ ਕਰਵਾਇਆ ਆਜ਼ਾਦ

ਬਠਿੰਡਾ (ਜ.ਬ.) : ਮਾਣਯੋਗ ਜੱਜ ਅਸ਼ੋਕ ਕੁਮਾਰ ਚੌਹਾਨ ਨੇ ਪਿੰਡ ਹਰਰਾਏਪੁਰ 'ਚ ਛਾਪਾਮਾਰੀ ਕਰਕੇ ਸੰਗਲਾਂ ਨਾਲ ਬੰਨ੍ਹੇ ਇਕ ਨੌਜਵਾਨ ਨੂੰ ਆਜ਼ਾਦ ਕਰਵਾਇਆ ਹੈ। ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਸੰਭਵ ਹੈ। ਪੁਲਸ ਅਤੇ ਸਮਾਜ ਸੇਵੀ ਸਾਧੂ ਰਾਮ ਕੁਸ਼ਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਹਰਰਾਏਪੁਰ ਤੋਂ ਇਕ ਫੋਨ ਆਇਆ ਸੀ ਕਿ ਇਕਬਾਲ ਸਿੰਘ ਨੇ ਆਪਣੇ ਛੋਟੇ ਭਰਾ ਨਿਰਮਲ ਸਿੰਘ (31) ਨੂੰ ਬਿਨਾਂ ਵਜ੍ਹਾ ਪਾਗਲ ਕਹਿ ਕੇ ਸੰਗਲਾਂ ਨਾਲ ਬੰਨ੍ਹ ਰੱਖਿਆ ਹੈ। ਜਿਸਦਾ ਮੰਤਵ ਉਸਦੀ ਜ਼ਮੀਨ ਹੜੱਪ ਕਰਨਾ ਹੋ ਸਕਦਾ ਹੈ। 

ਇਹ ਮਾਮਲਾ ਸੀ. ਜੇ. ਐੱਮ. ਅਸ਼ੋਕ ਕੁਮਾਰ ਚੌਹਾਨ ਦੇ ਧਿਆਨ 'ਚ ਆਇਆ। ਇਸ ਲਈ ਉਨ੍ਹਾਂ ਖੁਦ ਪਿੰਡ ਹਰਰਾਏਪੁਰ ਵਿਖੇ ਇਕਬਾਲ ਸਿੰਘ ਦੇ ਘਰ ਛਾਪਾ ਮਾਰਿਆ। ਜਿਥੇ ਥਾਣਾ ਨੇਹੀਆਂਵਾਲਾ ਪੁਲਸ ਵੀ ਮੌਜੂਦ ਸੀ। ਮੌਕੇ 'ਤੇ ਦੇਖਿਆ ਕਿ ਨਿਰਮਲ ਸਿੰਘ ਨੂੰ ਸੰਗਲਾਂ ਨਾਲ ਬੰਨ੍ਹ ਕੇ ਇਕ ਵੱਖਰੇ ਕਮਰੇ 'ਚ ਸੁੱਟ ਰੱਖਿਆ ਸੀ। ਜਿਥੇ ਪੱਖੇ ਆਦਿ ਦਾ ਵੀ ਪ੍ਰਬੰਧ ਨਹੀਂ ਸੀ। ਉਕਤ ਦਾ ਖਾਣਾ-ਪੀਣਾ, ਪਖਾਨਾ ਆਦਿ ਉਥੇ ਹੀ ਸੀ। ਜਿਸਦੀ ਸਫਾਈ ਉਸਦੀ ਮਾਂ ਕਰਦੀ ਸੀ। ਮੌਕੇ 'ਤੇ ਉਕਤ ਨੂੰ ਅਜ਼ਾਦ ਕਰਵਾਇਆ ਗਿਆ ਤੇ ਪੁਲਸ ਨੂੰ ਆਦੇਸ਼ ਦਿੱਤਾ ਗਿਆ ਕਿ ਨਿਰਮਲ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕੇਗੀ।

ਥਾਣਾ ਨੇਹੀਆਂਵਾਲਾ ਦੇ ਮੌਜੂਦਾ ਅਫਸਰ ਤਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਨੂੰ ਸਰਕਾਰੀ ਹਸਪਤਾਲ ਗੋਨਿਆਣਾ ਮੰਡੀ ਵਿਖੇ ਲਿਜਾਇਆ ਗਿਆ ਪਰ ਐੱਸ. ਐੱਮ. ਓ. ਦਾ ਕਹਿਣਾ ਸੀ ਕਿ ਨਿਰਮਲ ਸਿੰਘ ਦੇ ਮੈਡੀਕਲ ਖਾਤਰ ਸਿਵਲ ਸਰਜਨ ਬਠਿੰਡਾ ਵਲੋਂ ਦੋ ਮੈਂਬਰੀ ਇਕ ਟੀਮ ਬਣਾਈ ਜਾਵੇਗੀ। ਹੁਣ ਉਕਤ ਨੌਜਵਾਨ ਦਾ ਮੈਡੀਕਲ ਕੱਲ ਹੀ ਹੋ ਸਕੇਗੀ। ਇਸ ਲਈ ਨੌਜਵਾਨ ਨੂੰ ਵਾਪਸ ਉਸਦੇ ਮਾਤਾ-ਪਿਤਾ ਹਵਾਲੇ ਹੀ ਕਰ ਦਿੱਤਾ ਗਿਆ। ਮੈਡੀਕਲ ਜਾਂਚ ਤੋਂ ਬਾਅਦ ਹੀ ਜੱਜ ਸਾਹਿਬ ਅਗਲੇ ਹੁਕਮ ਜਾਰੀ ਕਰਨਗੇ।


author

Gurminder Singh

Content Editor

Related News