ਇਸ ਨੌਜਵਾਨ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ

Wednesday, Nov 28, 2018 - 03:01 PM (IST)

ਇਸ ਨੌਜਵਾਨ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ

ਸ਼ੇਰਪੁਰ (ਅਨੀਸ਼) : ਸ਼ੇਰਪੁਰ ਦੇ ਇਕ ਏ. ਟੀ. ਐਮ. ਬਾਕਸ 'ਚ ਇਕ ਵਿਅਕਤੀ 78 ਹਜ਼ਾਰ ਰੁਪਏ ਭੁੱਲ ਗਿਆ ਪਰ ਉਸ ਮਗਰੋਂ ਏ. ਟੀ. ਐੱਮ. ਵਿਚ ਪਹੁੰਚੇ ਨੌਜਵਾਨ ਨੇ ਸਾਰੀ ਰਾਸ਼ੀ ਅਸਲ ਮਾਲਕ ਦੇ ਘਰ ਪਹੁੰਚਾ ਕੇ ਈਮਾਨਦਾਰੀ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਦੇ ਸਾਬਕਾ ਸਰਪੰਚ ਜ਼ੋਰਾ ਸਿੰਘ ਦੇ ਪੁੱਤਰ ਲਖਵੀਰ ਸਿੰਘ ਲੱਖਾ ਸ਼ੇਰਪੁਰ ਦੇ ਇਕ ਏੇ. ਟੀ. ਐੱਮ. ਵਿਚ ਪੈਸੇ ਕਢਵਾਉਣ ਲਈ ਗਿਆ ਸੀ ਪਰ ਮੁੜਦੇ ਹੋਏ ਆਪਣੇ 78 ਹਜ਼ਾਰ ਰੁਪਏ ਏ. ਟੀ. ਐੱਮ. ਬਾਕਸ ਨੇੜੇ ਹੀ ਭੁੱਲ ਆਇਆ। 
ਇਸ ਦੌਰਾਨ ਏ. ਟੀ. ਐੱਮ 'ਚ ਪਹੁੰਚੇ ਹੇੜੀਕੇ ਦੇ ਨੌਜਵਾਨ ਮਨਪ੍ਰੀਤ ਸਿੰਘ ਮਨੀ ਨੇ ਇਹ ਮਾਮਲਾ ਆਪਣੇ ਪਿਤਾ ਹਰਬੰਸ ਸਿੰਘ ਅਤੇ ਮਾਰਕੀਟ ਕਮੇਟੀ ਦੇ ਸੇਵਾਮੁਕਤ ਸੈਕਟਰੀ ਗੁਰਚਰਨਜੀਤ ਸਿੰਘ ਦੇ ਧਿਆਨ ਵਿਚ ਲਿਆਂਦਾ। ਗੁਰਚਰਨਜੀਤ ਸਿੰਘ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਨਕਦ ਰਾਸ਼ੀ ਦੇ ਨਾਲ ਮਿਲੀ ਬੈਂਕ ਦੀ ਪਾਸ ਬੁੱਕ 'ਤੇ ਜਸਮੇਲ ਕੌਰ ਪਤਨੀ ਜੋਰਾ ਸਿੰਘ ਵਾਸੀ ਘਨੌਰੀ ਕਲਾਂ ਲਿਖਿਆ ਹੋਇਆ ਜਿਸ ਮਗਰੋਂ ਉਨ੍ਹਾਂ ਹਰਬੰਸ ਸਿੰਘ ਤੋਂ ਇਲਾਵਾ ਸੇਵਾਮੁਕਤ ਅਧਿਆਪਕ ਕੁਲਵੰਤ ਸਿੰਘ ਘਨੌਰੀ ਨੂੰ ਨਾਲ ਲੈ ਕੇ ਸਾਬਕਾ ਸਰਪੰਚ ਜੋਰਾ ਸਿੰਘ ਦੇ ਘਰ ਜਾ ਕੇ 78 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ। ਸਾਬਕਾ ਸਰਪੰਚ ਦੇ ਪਰਿਵਾਰ ਨੇ ਨਕਦ ਰਾਸ਼ੀ ਵਾਪਸ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


author

Gurminder Singh

Content Editor

Related News