ਭਿਆਨਕ ਹਾਦਸੇ ਵਿਚ ਨੌਜਵਾਨ ਦੀ ਮੌਤ
Monday, Mar 06, 2023 - 06:23 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਬੀਤੀ ਰਾਤ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਗੋਲੂ ਕਾ ਮੌੜ ਵਿਖੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਜਾਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ ਪਿੰਡ ਗੋਲੂ ਕਾ ਮੌੜ ਉਪਰ ਫਿਰੋਜ਼ਪੁਰ ਸਾਈਡ ਤੋਂ ਫਾਜ਼ਿਲਕਾ ਵੱਲ ਜਾ ਰਹੇ ਟਰੱਕ ਦੇ ਪਿੱਛੇ ਫ਼ਿਰੋਜ਼ਪੁਰ ਸਾਈਡ ਤੋਂ ਹੀ ਆ ਰਿਹਾ ਮੋਟਰਸਾਈਕਲ ਸਵਾਰ ਟਰੱਕ ਦੇ ਪਿੱਛੇ ਜਾ ਵੱਜਿਆ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਸਾਗਰ ਵੋਹਰਾ ਪੁੱਤਰ ਮੁਲਖ ਰਾਜ ਵੋਹਰਾ ਜੋ ਕਿ ਡੀ. ਜੇ. ਦਾ ਕੰਮ ਕਰਦਾ ਸੀ ਅਤੇ ਆਪਣਾ ਕੰਮ ਖ਼ਤਮ ਕਰਕੇ ਵਾਪਸ ਆਪਣੇ ਘਰ ਗੁਰੂਹਰਸਹਾਏ ਜਾ ਰਿਹਾ ਸੀ।
ਇਹ ਭਿਆਨਕ ਹਾਦਸਾ ਰਾਤ 12 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਸੜਕ ਉਪਰ ਟਰੱਕ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਨੌਜਵਾਨ ਦੀ ਮੌਤ ਹੋ ਗਈ। ਸਾਗਰ ਵੋਹਰਾ ਗੁਰੂਹਰਸਹਾਏ ਦੇ ਮੇਨ ਬਾਜ਼ਾਰ ਦੇ ਨਾਲ ਲੱਗਦੀ ਗਲੀ ਵਿਚ ਰਹਿੰਦਾ ਸੀ। ਮੌਕੇ ’ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।