ਸ਼ੱਕੀ ਹਾਲਾਤ ’ਚ 20 ਸਾਲਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ

08/16/2022 5:22:55 PM

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਗੁਰੋਂ ਕਾਲੋਨੀ ਦੇ ਵਾਸੀ ਨੌਜਵਾਨ ਮੁਨੀਸ਼ ਕੁਮਾਰ (20) ਪੁੱਤਰ ਰਾਜੇਸ਼ ਕੁਮਾਰ ਸ਼ਰਮਾ ਦੀ ਸ਼ੱਕੀ ਹਾਲਾਤ ਵਿਚ ਸਰਹਿੰਦ ਨਹਿਰ ਨੇੜਿਓਂ ਲਾਸ਼ ਮਿਲਣ ਤੋਂ ਬਾਅਦ ਦੁਖੀ ਹੋਏ ਇਨਸਾਫ਼ ਲੈਣ ਲਈ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਮਾਛੀਵਾੜਾ ਦਾ ਘਿਰਾਓ ਕੀਤਾ ਗਿਆ। ਮ੍ਰਿਤਕ ਮੁਨੀਸ਼ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 11 ਅਗਸਤ ਨੂੰ ਰੱਖੜੀ ਵਾਲੇ ਦਿਨ ਉਸਦਾ ਲੜਕਾ ਘਰੋਂ ਡਿਊਟੀ ’ਤੇ ਜਾਣ ਲਈ ਕਹਿ ਕੇ ਚਲਾ ਗਿਆ ਪਰ ਸ਼ਾਮ ਤੱਕ ਜਦੋਂ ਵਾਪਸ ਨਾ ਆਇਆ ਤਾਂ ਅਸੀਂ ਉਸਨੂੰ ਫੋਨ ਕੀਤਾ ਜੋ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਮੁਨੀਸ਼ ਕੁਮਾਰ ਦੇ ਲਾਪਤਾ ਹੋਣ ਸਬੰਧੀ ਲਿਖਤੀ ਰਿਪੋਰਟ ਮਾਛੀਵਾੜਾ ਥਾਣਾ ਵਿਚ ਵੀ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਇੱਕ ਲੜਕੇ ਸੰਤੋਸ਼ ਕੁਮਾਰ ਦੀ ਭੂਆ ਨੇ ਮੁਹੱਲਾ ਵਾਸੀਆਂ ਨੂੰ ਕਿਹਾ ਕਿ ਮੁਨੀਸ਼ ਕੁਮਾਰ ਦਾ ਮੋਟਰਸਾਈਕਲ ਸਰਹਿੰਦ ਨਹਿਰ ਦੇ ਨੀਲੋਂ ਪੁਲ ਕੋਲ ਖੜ੍ਹਾ ਦੇਖਿਆ ਗਿਆ ਹੈ। ਸਾਡੇ ਵਲੋਂ ਸ਼ੱਕ ਦੇ ਆਧਾਰ ’ਤੇ ਉੁਸਦੀ ਨਹਿਰ ਵਿਚ ਤਲਾਸ਼ ਸ਼ੁਰੂ ਕਰ ਦਿੱਤੀ ਗਈ ਅਤੇ ਅੱਜ ਸਵੇਰੇ ਦੋਰਾਹਾ ਨੇੜੇ ਨਹਿਰ ’ਚੋਂ ਉਸਦੀ ਲਾਸ਼ ਬਰਾਮਦ ਹੋ ਗਈ। 

ਲਾਸ਼ ਦੇਖਣ ਤੋਂ ਬਾਅਦ ਉਸਦੇ ਮਾਪਿਆਂ ਨੇ ਦੱਸਿਆ ਕਿ ਮੁਨੀਸ਼ ਕੁਮਾਰ ਦੇ ਜਿਸਮ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਹਨ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸਨੂੰ ਕਿਸੇ ਨੇ ਕਤਲ ਕਰਕੇ ਨਹਿਰ ਵਿਚ ਸੁੱਟਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਸੀ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਮਾਛੀਵਾੜਾ ਪੁਲਸ ਨੇ ਮ੍ਰਿਤਕ ਮੁਨੀਸ਼ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਜਦੋਂ ਇਸ ਘਟਨਾਕ੍ਰਮ ਬਾਰੇ ਥਾਣਾ ਦੇ ਐੱਸ. ਐੱਚ. ਓ. ਰਣਦੀਪ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਨੀਸ਼ ਕੁਮਾਰ ਦੇ ਮਾਪਿਆਂ ਵਲੋਂ ਸ਼ੱਕ ਦੇ ਆਧਾਰ ’ਤੇ 7 ਵਿਅਕਤੀਆਂ ਦੇ ਨਾਮ ਦੱਸੇ ਗਏ ਹਨ ਜਿਨ੍ਹਾਂ ’ਚੋਂ ਕੁਝ ਕੁ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਜਾਰੀ ਹੈ।


Gurminder Singh

Content Editor

Related News