ਤਿੰਨ ਦਿਨਾਂ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਨੌਜਵਾਨ ਦੀ ਨਹਿਰ ਕਿਨਾਰੇ ਝਾੜੀਆਂ ''ਚੋਂ ਮਿਲੀ ਲਾਸ਼

Wednesday, Jul 31, 2024 - 04:03 PM (IST)

ਤਿੰਨ ਦਿਨਾਂ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਨੌਜਵਾਨ ਦੀ ਨਹਿਰ ਕਿਨਾਰੇ ਝਾੜੀਆਂ ''ਚੋਂ ਮਿਲੀ ਲਾਸ਼

ਝਬਾਲ (ਨਰਿੰਦਰ) : ਪਿਛਲੇ ਤਿੰਨ ਦਿਨਾਂ ਤੋ ਨਜ਼ਦੀਕੀ ਪਿੰਡ ਮੀਆਂਪੁਰ ਦਾ ਨੌਜਵਾਨ ਜੋ ਸ਼ੱਕੀ ਹਾਲਤ ਵਿਚ ਲਾਪਤਾ ਸੀ ਦੀ ਲਾਸ਼ ਅੱਜ ਪਿੰਡ ਜਗਤਪੁਰਾ ਨਹਿਰ ਪੁੱਲ ਨੇੜੇ ਝਾੜੀਆਂ ਵਿਚੋਂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਗੁਰਬੀਰ ਸਿੰਘ ਉਮਰ ਲਗਭਗ 30 ਸਾਲ ਦੇ ਪਿਤਾ ਨੰਬਰਦਾਰ ਗੋਪਾਲ ਸਿੰਘ ਵਾਸੀ ਮੀਆਂਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਦੋ ਵਿਆਹਿਆ ਹੈ ਅਤੇ ਉਸ ਦੇ ਦੋ ਛੋਟੇ ਬੱਚੇ ਹਨ ਪਰਸੋਂ ਤੋਂ ਘਰੋਂ ਗਿਆ ਸੀ ਪ੍ਰੰਤੂ ਵਾਪਸ ਘਰ ਨਹੀਂ ਆਇਆ। ਇਸ ਸਬੰਧੀ ਅਸੀਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖਾਸਤ ਵੀ ਦਿੱਤੀ। ਅੱਜ ਸਾਨੂੰ ਕਿਸੇ ਨੇ ਫੋਨ 'ਤੇ ਦੱਸਿਆ ਕਿ ਇਕ ਨੌਜਵਾਨ ਦੀ ਲਾਸ਼ ਜਗਤਪੁਰਾ ਨਹਿਰ ਪੁੱਲ ਨੇੜੇ ਝਾੜੀਆਂ ਵਿਚ ਪਈ ਹੈ, ਜਦੋਂ ਅਸੀਂ ਜਾ ਕੇ ਵੇਖਿਆ ਤਾਂ ਮ੍ਰਿਤਕ ਝਾੜੀਆਂ ਵਿਚ ਮੂਧਾ ਪਿਆ ਸੀ ਅਤੇ ਸਾਡਾ ਹੀ ਪੁੱਤਰ ਸੀ।

ਮ੍ਰਿਤਕ ਦੇ ਸਾਰੇ ਸਰੀਰ ਤੇ ਕੀੜੇ ਚੱਲ ਚੁੱਕੇ ਸਨ। ਨਹਿਰ ਜੋ ਦੋਵੇਂ ਥਾਣਿਆਂ ਦੇ ਵਿਚਕਾਰ ਪੈਂਦੀ ਹੋਣ ਕਰਕੇ ਦੋਵਾਂ ਥਾਣਿਆਂ ਦੀ ਪੁਲਸ ਆਪਣੇ ਆਪਣੇ ਅਧਿਕਾਰ ਖੇਤਰ ਵਿਚ ਨਾ ਆਉਣ ਦਾ ਦਾਅਵਾ ਕਰਦਿਆਂ ਦੁਪਿਹਰ ਇਕ ਵਜੇ ਤੱਕ ਘਟਨਾ ਸਥਾਨ 'ਤੇ ਹੀ ਨਹੀਂ ਪਹੁੰਚੀ। ਪੱਤਰਕਾਰਾਂ ਵੱਲੋਂ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਅਤੇ ਡੀ. ਐੱਸ. ਪੀ. ਤਰਸੇਮ ਮਸੀਹ ਨਾਲ ਇਸ ਸਬੰਧੀ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਝਬਾਲ ਥਾਣੇ ਤੋਂ ਥਾਣੇਦਾਰ ਦੀ ਡਿਊਟੀ ਲਗਾਈ ਹੈ ਜੋ ਹੁਣੇ ਹੀ ਮੌਕਾ ਵਾਰਦਾਤ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਰਹੇ ਹਨ ਅਤੇ ਪੋਸਟਮਾਰਟਮ ਰਿਪੋਰਟ ਦੇ ਅਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਹੈ।


author

Gurminder Singh

Content Editor

Related News