ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਪਰਤ ਰਹੇ ਮੁੰਡਿਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਕੇ ’ਤੇ ਮੌਤ
Monday, Dec 05, 2022 - 05:20 PM (IST)
ਮੋਗਾ (ਆਜ਼ਾਦ) : ਅੱਜ ਸਵੇਰੇ ਪੁਲਸ ਚੌਂਕੀ ਕਿਸ਼ਨਪੁਰਾ ਕਲਾਂ ਅਧੀਨ ਪੈਂਦੇ ਪਿੰਡ ਨਸੀਰੇਵਾਲਾ-ਕੋਟ ਮੁਹੰਮਦ ਖਾਂ ਦੇ ਵਿਚਕਾਰ ਰੇਤ ਨਾਲ ਭਰੀ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਵਿਕਚਾਰ ਹੋਈ ਜ਼ਬਰਦਸਤ ਟੱਕਰ ਵਿਚ ਮੋਟਰਸਾਈਕਲ ਸਵਾਰ ਧਰਮਪ੍ਰੀਤ ਸਿੰਘ (14) ਨਿਵਾਸੀ ਪਿੰਡ ਨਸ਼ੀਰੇਵਾਲਾ ਦੀ ਘਟਨਾ ਸਥਾਨ ’ਤੇ ਮੌਤ ਹੋ ਗਈ, ਜਦਕਿ ਉਸਦੇ ਦੋ ਸਾਥੀ ਹਰਪ੍ਰੀਤ ਸਿੰਘ (18) ਅਤੇ ਸੁਖਜੀਤ ਸਿੰਘ (18) ਦੋਵੇਂ ਨਿਵਾਸੀ ਪਿੰਡ ਨਸੀਰੇਵਾਲਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਅਤੇ ਲੁਧਿਆਣਾ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਰਘਵਿੰਦਰ ਪ੍ਰਸਾਦ ਨੇ ਦੱਸਿਆ ਕਿ ਤਿੰਨੇ ਲੜਕੇ ਇੰਦਗੜ੍ਹ ਵਿਚ ਸਥਿਤ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕਣ ਤੋਂ ਬਾਅਦ ਅੱਜ ਸਵੇਰੇ ਜਦੋਂ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਵਿਚ ਰੇਤ ਨਾਲ ਭਰੀ ਇਕ ਟਰੈਕਟਰ-ਟਰਾਲੀ ਜਿਸ ਨੂੰ ਬੂਟਾ ਸਿੰਘ ਨਿਵਾਸੀ ਪਿੰਡ ਕੋਟ ਮੁਹੰਮਦ ਖਾਂ ਚਲਾ ਰਿਹਾ ਸੀ, ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ।
ਉਨ੍ਹਾਂ ਕਿਹਾ ਕਿ ਹਾਦਸੇ ਦਾ ਪਤਾ ਲੱਗਣ ’ਤੇ ਉਹ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਦੇ ਇਲਾਵਾ ਦੋਵੇਂ ਜ਼ਖਮੀ ਲੜਕਿਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਧਰਮਪ੍ਰੀਤ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦਕਿ ਸੁਖਜੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕੀਤਾ ਗਿਆ ਹੈ ਅਤੇ ਹਰਪ੍ਰੀਤ ਸਿੰਘ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਧਰਮਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਲੜਕੇ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।