ਟਰੈਕਟਰ ''ਤੇ ਉੱਚੀ ਡੈੱਕ ਲਾ ਕੇ ਜਾ ਰਹੇ ਸੀ ਨੌਜਵਾਨ
Thursday, Feb 01, 2018 - 12:37 AM (IST)
ਰੂਪਨਗਰ, (ਕੈਲਾਸ਼)- ਹੁੱਲੜਬਾਜ਼ੀ ਜੇਕਰ ਆਪਣੀ ਹੱਦ ਲੰਘ ਜਾਵੇ ਤਾਂ ਇਹ ਲੋਕਾਂ ਲਈ ਪ੍ਰੇਸ਼ਾਨੀ ਬਣ ਜਾਂਦੀ ਹੈ ਪਰ ਜੇਕਰ ਉਸ ਨੂੰ ਪੁਲਸ ਅਤੇ ਰਾਜਨੀਤਕ ਸ਼ਹਿ ਪ੍ਰਾਪਤ ਹੋਵੇ ਤਾਂ ਵਿਗੜ ਰਹੇ ਸਿਸਟਮ ਦਾ ਸੁਧਾਰ ਕਿਵੇਂ ਹੋਵੇਗਾ? ਇਹ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਕੁਝ ਨੌਜਵਾਨ ਇਕ ਟਰੈਕਟਰ 'ਤੇ ਉੱਚੀ ਆਵਾਜ਼ 'ਚ ਡੈੱਕ ਲਾ ਕੇ ਸ਼ਹਿਰ 'ਚ ਹੁੱਲੜਬਾਜ਼ੀ ਕਰ ਰਹੇ ਸੀ। ਕਲਿਆਣ ਸਿਨੇਮਾ ਦੇ ਨੇੜੇ ਪ੍ਰੇਸ਼ਾਨ ਲੋਕਾਂ ਅਤੇ ਦੁਕਾਨਦਾਰਾਂ ਨੇ ਉਕਤ ਸਮੱਸਿਆ ਬਾਰੇ ਟ੍ਰੈਫਿਕ ਕੰਟਰੋਲ ਲਈ ਤਾਇਨਾਤ ਪੁਲਸ ਪੈਟਰੋਲਿੰਗ ਪਾਰਟੀ ਨੂੰ ਦੱਸਿਆ, ਜਿਸ 'ਤੇ ਪੁਲਸ ਪੈਟਰੋਲਿੰਗ ਪਾਰਟੀ ਉਕਤ ਟਰੈਕਟਰ ਨੂੰ ਰੋਕਣ ਲਈ ਉਸ ਦਾ ਪਿੱਛਾ ਕਰਨ ਲੱਗੀ। ਕਰਮਚਾਰੀਆਂ ਨੇ ਹਸਪਤਾਲ ਚੌਕ 'ਚ ਪਹੁੰਚ ਕੇ ਆਪਣੀ ਜੀਪ ਨੂੰ ਟਰੈਕਟਰ ਦੇ ਅੱਗੇ ਲਾ ਕੇ ਉਸ ਨੂੰ ਘੇਰ ਲਿਆ।
ਇਸ ਸਮੇਂ ਜਦੋਂ ਉਕਤ ਟੀਮ ਦੇ ਕਰਮਚਾਰੀ ਕਟਾਰੀਆ ਨੇ ਟਰੈਕਟਰ ਨੂੰ ਦੇਖਿਆ ਤਾਂ ਉਹ ਹੈਰਾਨ ਹੋ ਗਏ। ਟਰੈਕਟਰ ਦੇ ਅੱਗੇ-ਪਿੱਛੇ ਨੰਬਰ ਪਲੇਟ ਨਹੀਂ ਸੀ। ਨੌਜਵਾਨਾਂ ਦੇ ਕੋਲ ਮੌਕੇ 'ਤੇ ਟਰੈਕਟਰ ਦੇ ਕਾਗਜ਼ਾਤ ਵੀ ਨਹੀਂ ਸੀ। ਮੌਕੇ 'ਤੇ ਜਦੋਂ ਕਰਮਚਾਰੀਆਂ ਨੇ ਕਾਰਵਾਈ ਲਈ ਨੌਜਵਾਨਾਂ ਨੂੰ ਟਰੈਕਟਰ ਲੈ ਕੇ ਥਾਣੇ ਜਾਣ ਲਈ ਕਿਹਾ ਤਾਂ ਉਨ੍ਹਾਂ 'ਚੋਂ ਇਕ ਨੌਜਵਾਨ ਨੇ ਸ਼ਹਿਰ 'ਚ ਹੀ ਤਾਇਨਾਤ ਇਕ ਪੁਲਸ ਅਧਿਕਾਰੀ ਨਾਲ ਕਰਮਚਾਰੀ ਦੀ ਗੱਲ ਕਰਵਾ ਦਿੱਤੀ। ਜਦੋਂਕਿ ਇਕ ਹੋਰ ਨੌਜਵਾਨ ਨੇ ਇਕ ਮੰਤਰੀ ਦੇ ਪੀ.ਏ. ਨਾਲ ਗੱਲ ਕਰਨ ਲਈ ਵੀ ਫੋਨ ਅੱਗੇ ਕਰ ਦਿੱਤਾ। ਇੰਨਾ ਹੀ ਨਹੀਂ, ਕਰਮਚਾਰੀ ਨੇ ਪੁਲਸ ਅਧਿਕਾਰੀ ਨੂੰ ਮੀਡੀਆ ਕਰਮੀਆਂ ਦੀ ਮੌਜੂਦਗੀ ਬਾਰੇ ਵੀ ਦੱਸਿਆ ਪਰ ਅਧਿਕਾਰੀ ਨੇ ਮੀਡੀਆ ਕਰਮੀਆਂ ਨਾਲ ਗੱਲ ਕਰਨ ਦੀ ਬਜਾਏ ਫੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਦੇ ਕਰਮਚਾਰੀ ਕਾਰਵਾਈ ਕਰਨ 'ਚ ਅਸਮਰੱਥ ਜਿਹੇ ਹੋ ਗਏ ਅਤੇ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਗਿਆ।
