ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਕੀਤਾ ਕੇਂਦਰ ਤੇ ਸੂਬਾ ਸਰਕਾਰ ਦਾ ਪਿੱਟ-ਸਿਆਪਾ
Thursday, Jun 28, 2018 - 03:52 AM (IST)
ਅਜਨਾਲਾ, (ਬਾਠ)- ਨੌਜਵਾਨਾਂ ਦੀਆਂ ਨਸ਼ਿਆਂ ਦੀ ਓਵਰਡੋਜ਼ ਨਾਲ ਬੀਤੇ 72 ਘੰਟਿਆਂ ’ਚ ਹੋਈਆਂ 10 ਦੇ ਕਰੀਬ ਮੌਤਾਂ ਤੋਂ ਰੋਹ ’ਚ ਆਏ ਤੇ ਗੁੱਸੇ ’ਚ ਭਰੇ-ਪੀਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਦਰਜਨਾਂ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਜਨਰਲ ਸਕਤਰ ਸੁਰਜੀਤ ਸਿੰਘ ਦੁਧਰਾਏ ਦੀ ਪ੍ਰਧਾਨਗੀ ’ਚ ਕੈਪਟਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕਰ ਕੇ ਸੂਬਾ ਸਰਕਾਰ ਦਾ ਪੁਤਲਾ ਫੂਕ ਪਿੱਟ-ਸਿਆਪਾ ਕੀਤਾ।
ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ਜੋ ਨਸ਼ਿਆਂ ਦਾ ਛੇਵਾਂ ਦਰਿਆ ਕਥਿਤ ਤੌਰ ’ਤੇ ਪੰਜਾਬ ਦੀ ਧਰਤੀ ’ਤੇ ਪਿਛਲੇ 10 ਸਾਲ ਬੇਰੋਕ-ਟੋਕ ਵਗਾਇਆ ਗਿਆ ਹੈ, ਨੂੰ ਕੈਪਟਨ ਸਰਕਾਰ ਰੋਕਣ ’ਚ ਬੁਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਮੁਹਿੰਮਾਂ ਛੇਡ਼ੇਗੀ ਤੇ ਨਸ਼ਿਆਂ ਦੇ ਪ੍ਰਕੋਪ ਤੋਂ ਬਚਣ ਲਈ ਹਰ ਯਤਨ ਆਰੰਭ ਕਰਨ ਵਿਚ ਪਹਿਲਕਦਮੀ ਕਰੇਗੀ।
ਇਸ ਮੌਕੇ ਸਤਵਿੰਦਰ ਸਿੰਘ ਓਠੀਆਂ, ਸੁੱਚਾ ਸਿੰਘ ਘੋਗਾ, ਗੁਰਤੇਜ ਸਿੰਘ ਮਾਕੋਵਾਲ, ਜੱਗਾ ਸਿੰਘ ਡੱਲਾ, ਸੁਰਿੰਦਰ ਕੁਮਾਰ ਚਡ਼ਤੇਵਾਲੀ, ਸੰਦੀਪ ਸਿੰਘ ਸ਼ਾਹਪੁਰ, ਰਾਜਵਿੰਦਰ ਸਿੰਘ, ਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਭਿੰਡੀ ਸੈਦਾਂ, ਗੁਰਪਾਲ ਸਿੰਘ ਗਿੱਲ ਸੈਦਪੁਰ, ਕੈਪਟਨ ਸਿੰਘ ਮੁਹਾਰ, ਸਾਹਿਬ ਸਿੰਘ ਬੂਆਨੰਗਲੀ, ਸੰਦੀਪ ਸਿੰਘ ਮੱਲੂਨੰਗਲ ਆਦਿ ਹਾਜ਼ਰ ਸਨ।
