ਦੇਸ਼ ਦੇ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੀ ਲੋੜ : ਸਾਧਵੀ ਸਵਿੱਤਰਾ ਭਾਰਤੀ

08/07/2018 10:11:33 PM

ਸ਼ਾਹਕੋਟ (ਅਰੂਣ ਚੋਪੜਾ), - ਸ਼ਾਹਕੋਟ ਸਥਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ 'ਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਧਵੀ ਸਵਿੱਤਰਾ ਭਾਰਤੀ ਜੀ ਨੇ ਦੱਸਿਆ ਭਾਰਤ ਦੀ ਭੂਮੀ ਨੂੰ ਹਮੇਸ਼ਾਂ ਹੀ ਪੂਰਨ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੁੰਦੀ ਰਹੀ ਹੈ। ਭਾਰਤ ਦੀ ਪਵਿੱਤਰ ਭੂਮੀ ਨੇ ਅਜਿਹੇ ਦੇਸ਼ ਭਗਤ, ਸੂਰਵੀਰ, ਸੂਰਮਿਆ ਨੂੰ ਜਨਮ ਦਿੱਤਾ ਹੈ ਜਿੰਨਾ ਨੇ ਆਪਣਾ ਲੋਹਾ ਸਾਰੀ ਦੁਨੀਆ 'ਚ ਮਨਵਾਇਆ ਅਤੇ ਜਿੰਨਾ ਨੂੰ ਅੱਜ ਵੀ ਲੋਕ ਬੜੇ ਮਾਣ ਸਤਿਕਾਰ ਨਾਲ ਯਾਦ ਕਰਦੇ ਹਨ।
ਸਾਧਵੀ ਨੇ ਦੱਸਿਆ ਕਿ ਭਾਰਤ ਹਮੇਸ਼ਾਂ ਵਿਸ਼ਵ ਦਾ ਦਿਲ ਰਿਹਾ ਹੈ। ਭਾਰਤ ਦਾ ਅਰਥ ਹੈ ਪ੍ਰਕਾਸ਼ 'ਚ ਰਮਿਆ ਹੋਇਆ। ਜੋ ਖੁਦ ਪ੍ਰਕਾਸ਼ਮਾਨ ਹੈ ਉਹੀ ਤਾਂ ਦੁਨੀਆ ਨੂੰ ਪ੍ਰਕਾਸ਼ਿਤ ਕਰ ਸਕਦਾ ਹੈ ਪਰ ਬਦਕਿਸਮਤੀ ਨਾਲ ਕੁਝ ਸਮੇਂ ਤੋਂ ਭਾਰਤ ਜੋ ਕਿ ਇਕ ਨੌਜਵਾਨ ਦੇਸ਼ ਹੈ ਉਸਦੀ ਨੌਜਵਾਨ ਪੀੜੀ ਸਹੀ ਦਿਸ਼ਾ ਨਿਰਦੇਸ਼ ਨਾ ਮਿਲਣ ਕਰਕੇ ਗਲਤ ਰਸਤੇ 'ਤੇ ਚੱਲ ਪਈ ਹੈ । ਜਿਸ ਕਾਰਨ ਅੱਜ ਭਾਰਤ ਦੀ ਇਹ ਦੁਰਦਸ਼ਾ ਹੋ ਗਈ ਹੈ। ਅੱਜ ਸਮਾਜ ਨੂੰ ਜਰੂਰਤ ਹੈ ਐਸੇ ਪੂਰਨ ਸੰਤ ਮਹਾਂਪੁਰਸ਼, ਯੁਗਪੁਰਸ਼ ਦੀ ਜੋ ਭਾਰਤ ਦੀ ਨੌਜਵਾਨ ਪੀੜੀ ਦਾ ਮਾਰਗਦਰਸ਼ਨ ਕਰਕੇ ਉਨ੍ਹਾਂ ਨੂੰ ਸਵਾਮੀ ਵਿਵੇਕਾਨੰਦ,  ਸ਼ਹੀਦ ਭਗਤ ਸਿੰਘ ਵਰਗਾ ਮਹਾਨ ਦੇਸ਼ ਭਗਤ ਬਣਾ ਸਕੇ। ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਜੇਕਰ ਰੀੜ ਦੀ ਹੱਡੀ ਮਜਬੂਤ ਹੋਵੇਗੀ ਤਾਂ ਹੀ ਦੇਸ਼ ਸੋਨੇ ਦੀ ਚਿੜੀ ਅਤੇ ਵਿਸ਼ਵ ਗੁਰੂ ਬਣ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਨਾਲ ਵੀ ਬਹੁਤ ਸਾਰਾ ਨੌਜਵਾਨ ਵਰਗ ਜੁੜਿਆ ਹੋਇਆ ਹੈ ਜਿਨ੍ਹਾਂ ਦਾ ਮਾਰਗ ਦਰਸ਼ਨ ਸਰਵ ਆਸ਼ੂਤੋਸ਼ ਮਹਾਰਾਜ ਜੀ ਦੁਆਰਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪ੍ਰਮਾਤਮਾ ਦੀ ਭਗਤੀ ਦੇ ਨਾਲ ਨਾਲ ਦੇਸ਼ ਭਗਤੀ ਨਾਲ ਵੀ ਜੋੜਿਆ ਜਾ ਰਿਹਾ ਹੈ। ਅੰਤ ਵਿੱਚ ਸਾਧਵੀ ਪ੍ਰੀਤ ਭਾਰਤੀ ਨੇ ਸਮਧੁਰ ਭਜਨਾ ਦਾ ਗਾਇਨ ਕੀਤਾ।


Related News