ਨੌਜਵਾਨ ਦਾ ਕਤਲ, 3 ਨਾਮਜ਼ਦ
Friday, Jun 09, 2017 - 01:38 AM (IST)
ਪਠਾਨਕੋਟ, (ਸ਼ਾਰਦਾ)- 30 ਸਾਲਾ ਨੌਜਵਾਨ ਦਾ ਦੋਸਤਾਂ ਵੱਲੋਂ ਹੀ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਕਾਨਵਾਂ ਪੁਲਸ ਇੰਚਾਰਜ ਸੁਦੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਸੰਨੀ ਕਪੂਰ ਉਰਫ਼ ਸੰਨੀ ਪੁੱਤਰ ਬਚਨ ਲਾਲ ਵਾਸੀ ਪਿੰਡ ਖੁੰਡਾ ਵੱਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਸ਼ਸ਼ੀ ਕਪੂਰ ਨੇ ਬਿਆਨਾਂ 'ਚ ਦੱਸਿਆ ਕਿ 6 ਜੂਨ ਦੀ ਰਾਤ 8 ਵਜੇ ਜਦੋਂ ਸੰਨੀ ਆਪਣੇ ਘਰ ਬੈਠਾ ਹੋਇਆ ਸੀ ਤਾਂ ਇਸੇ ਦੌਰਾਨ ਪਿੰਡ ਦੇ ਹੀ ਨੌਜਵਾਨ ਅਜੇ ਕੁਮਾਰ ਪੁੱਤਰ ਰੂਪ ਲਾਲ ਜੋ ਕਿ ਸ਼ਰੀਕੇ 'ਚ ਮਾਮੇ ਦਾ ਬੇਟਾ ਹੈ ਅਤੇ ਉਸ ਨਾਲ ਆਏ ਰਾਹੁਲ ਪੁੱਤਰ ਵਰਿਆਮ ਚੰਦ ਵਾਸੀ ਅਵਾਂਖਾ ਤੇ ਹੈਪੀ ਪੁੱਤਰ ਚੈਨ ਰਾਮ ਵਾਸੀ ਪਿੰਡ ਨਾਲਾ, ਉਥੇ ਆਏ ਤੇ ਸੰਨੀ ਨੂੰ ਬੁਲਾ ਕੇ ਨਾਲ ਲੈ ਗਏ ਪਰ ਸੰਨੀ ਨਾ ਉਸ ਰਾਤ ਨੂੰ ਵਾਪਸ ਪਰਤਿਆ ਤੇ ਨਾ ਹੀ ਕੱਲ ਦੂਸਰੇ ਦਿਨ ਉਸ ਦਾ ਕੋਈ ਸੁਰਾਗ ਮਿਲਿਆ। ਬਾਅਦ 'ਚ ਪਿਛਲੀ ਰਾਤ ਗੜਮਲ ਪਿੰਡ ਦੇ ਖਾਲੀ ਪਲਾਟ 'ਚ ਕਿਸੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਪਰਿਵਾਰ ਦੇ ਮੈਂਬਰ ਜਦੋਂ ਉਥੇ ਪੁੱਜੇ ਤਾਂ ਉਕਤ ਲਾਸ਼ ਸੰਨੀ ਦੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ 3 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਹੀ ਲਾਸ਼ ਦਾ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੇ।
