ਕਿਸਾਨੀ ਸੰਘਰਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ, ਲੰਮੇ ਇਲਾਜ ਮਗਰੋਂ ਹੋਈ ਮੌਤ

04/08/2021 7:17:05 PM

ਰੂਪਨਗਰ, (ਸੱਜਣ ਸੈਣੀ)- ਬੀਤੀ 1 ਮਾਰਚ ਨੂੰ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਜਾ ਰਹੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਭਾਓਵਾਲ ਦੇ 36 ਸਾਲਾ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਐਕਸੀਡੈਂਟ ਦੇ ਬਾਅਦ ਲੰਮੇ ਇਲਾਜ ਤੋਂ ਮਗਰੋਂ ਪੀ.ਜੀ.ਆਈ. ਵਿਖੇ ਮੌਤ ਹੋ ਗਈ । ਮ੍ਰਿਤਕ ਨੌਜਵਾਨ ਕਿਸਾਨ ਯੂਨੀਅਨ ਕਾਦੀਆਂ ਦੇ ਨਾਲ ਸਬੰਧਤ ਸੀ, ਜੋ ਕਿ ਸ਼ੁਰੂ ਤੋਂ ਹੀ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ ਸੀ। ਚਾਰ ਵਾਰ ਪਹਿਲਾਂ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਮਾਰਚ ਨੂੰ ਪੰਜਵੀਂ ਵਾਰੀ ਕਿਸਾਨ ਮੋਰਚੇ 'ਚ ਸ਼ਾਮਲ ਹੋਣ ਲਈ ਜਾ ਰਿਹਾ ਸੀ । ਉਸਦਾ ਕਰਨਾਲ ਦੇ ਘਰੌਂਦੇ ਵਿਖੇ ਮੋਟਰਸਾਈਕਲ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਨੂੰ ਪਹਿਲਾਂ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ ਫਿਰ ਬਾਅਦ 'ਚ ਉਸਨੂੰ ਦੀਵਾਰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਸੀ । ਮ੍ਰਿਤਕ ਸੁਖਵਿੰਦਰ ਸਿੰਘ ਦੇ ਸਿਰ ਵਿਚ ਸੱਟ ਲੱਗੀ ਸੀ ਜੋ ਕਿ ਦੋ ਮਾਰਚ ਤੋਂ ਹੀ ਚੰਡੀਗੜ੍ਹ ਪੀ.ਜੀ.ਆਈ. ਦੇ ਟਰੌਮਾ ਸੈਂਟਰ ਵਿੱਚ ਦਾਖ਼ਲ ਸੀ । ਲੰਮੇ ਇਲਾਜ ਦੇ ਬਾਅਦ ਸੁਖਵਿੰਦਰ ਦੀ ਬੀਤੇ ਸੱਤ ਅਪ੍ਰੈਲ ਨੂੰ ਪੀ.ਜੀ.ਆਈ. ਵਿਖੇ ਮੌਤ ਹੋ ਗਈ । ਮ੍ਰਿਤਕ ਸੁਖਵਿੰਦਰ ਸਿੰਘ ਦੀ ਮੌਤ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਸਮੂਹ ਜਥੇਬੰਦੀ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ । ਮ੍ਰਿਤਕ ਕਿਸਾਨ ਦਾ ਪਿੰਡ ਦੇ ਵਾਸੀਆਂ ਅਤੇ ਕਿਸਾਨਾਂ ਵੱਲੋਂ ਪਿੰਡ ਦੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ । ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਅਮਰਜੀਤ ਸਿੰਘ ਮਾਹਲ, ਰੁਪਿੰਦਰ ਸਿੰਘ ਰੂਪਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਉਮਰ 36 ਸਾਲ ਸੀ ਅਤੇ ਦੱਸ ਸਾਲ ਪਹਿਲਾ ਇਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਇਕੱਲਾ ਹੀ ਘਰ ਦੇ ਵਿੱਚ ਰਹਿੰਦਾ ਸੀ । ਮ੍ਰਿਤਕ ਕਿਸਾਨ ਕੰਬਾਈਨ ਚਲਾਉਣ ਦੀ ਡਰਾਈਵਰੀ ਕਰਦਾ ਸੀ । ਮ੍ਰਿਤਕ ਕਿਸਾਨ ਦਾ 18 ਅਪ੍ਰੈਲ ਨੂੰ ਪਿੰਡ ਭੌਰ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਦੇ ਭੋਗ ਪਾਏ ਜਾਣਗੇ ਪਿੰਡ ਦੀ ਪੰਚਾਇਤ ਅਤੇ ਕਿਸਾਨ ਯੂਨੀਅਨ ਵੱਲੋਂ ਸਮੂਹ ਕਿਸਾਨਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ । ਮ੍ਰਿਤਕ ਕਿਸਾਨ ਦੇ ਅੰਤਿਮ ਸੰਸਕਾਰ ਦੇ ਵਿਚ ਕਾਦੀਆ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ, ਬਲਾਕ ਪ੍ਰਧਾਨ ਅਮਰਜੀਤ ਸਿੰਘ ਮਾਹਲਾ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੂਪਾ, ਕਿਰਪਾਲ ਸਿੰਘ, ਕਮਲਜੀਤ ਸਿੰਘ ਰਾਜੀ ਸਰਪੰਚ ਭਾਓਵਾਲ, ਮੇਜਰ ਸਿੰਘ ਮਾਂਗਟ ਆੜ੍ਹਤੀ ਯੂਨੀਅਨ ਅਤੇ ਪਿੰਡ ਵਾਸੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ।


Bharat Thapa

Content Editor

Related News