ਰਿਸ਼ਤਾ ਨਾ ਹੋਣ ਤੋਂ ਖ਼ਫ਼ਾ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਾਬਾਲਗ ਕੁੜੀ ਨੂੰ ਮਾਰੀ ਗੋਲ਼ੀ
Wednesday, Aug 30, 2023 - 01:38 AM (IST)

ਅਜਨਾਲਾ (ਗੁਰਜੰਟ)-ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਜੱਗੀਵਾਲ ਵਿਖੇ ਅੱਜ ਇਕ ਨੌਜਵਾਨ ਵੱਲੋਂ 1 ਨਾਬਾਲਗ ਕੁੜੀ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦੀ ਮਾਸੀ ਸੁਰਜੀਤ ਕੌਰ ਵਾਸੀ ਜੱਗੀਵਾਲ ਨੇ ਦੱਸਿਆ ਕਿ ਮੇਰੀ 13 ਸਾਲਾ ਭਾਣਜੀ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਮੇਰੇ ਕੋਲ ਰਹਿ ਰਹੀ ਸੀ, ਜਿਸ ਦਾ ਆਪਣਾ ਪਿੰਡ ਦੀਨੇਵਾਲੀ ਹੈ ਅਤੇ ਇਸੇ ਹੀ ਪਿੰਡ ਦਾ ਇਕ 23 ਸਾਲਾ ਨੌਜਵਾਨ ਬੀਰ ਸਿੰਘ ਇਸ ਦਾ ਰਿਸ਼ਤਾ ਮੰਗਦਾ ਸੀ। ਇਕੋ ਹੀ ਪਿੰਡ ਦੇ ਲਾਗੇ ਘਰ ਹੋਣ ਕਰਕੇ ਅਤੇ ਕੁੜੀ ਨਾਬਾਲਗ ਹੋਣ ਕਰਕੇ ਉਸ ਦੇ ਮਾਤਾ-ਪਿਤਾ ਵਿਆਹ ਲਈ ਨਹੀਂ ਮੰਨੇ ਅਤੇ ਉਨ੍ਹਾਂ ਕੁੜੀ ਨੂੰ ਮੇਰੇ ਕੋਲ ਭੇਜ ਦਿੱਤਾ, ਜਿਸ ਤੋਂ ਬਾਅਦ ਅੱਜ ਉਕਤ ਨੌਜਵਾਨ ਨੇ ਸਾਡੇ ਪਿੰਡ ਜਗੀਵਾਲ ਵਿਖੇ ਆ ਕੇ ਮੇਰੇ ਘਰ ਬੈਠੀ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਕੁੜੀ ਨੂੰ ਅਜਨਾਲਾ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੋਂ ਕਿ ਉਨ੍ਹਾਂ ਨੇ ਇਕ ਟੀਕਾ ਲਾਉਣ ਤੋਂ ਬਾਅਦ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਆਗ਼ਾਜ਼
ਉਨ੍ਹਾਂ ਮੰਗ ਕੀਤੀ ਕਿ ਉਕਤ ਨੌਜਵਾਨ ਚੋਰੀਆਂ ਕਰਦਾ ਸੀ ਅਤੇ ਇਹ ਪਿਸਤੌਲ ਵੀ ਪਤਾ ਨਹੀਂ ਕਿੱਥੋਂ ਚੋਰੀ ਕਰਕੇ ਲਿਆਇਆ ਹੈ, ਇਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫ਼ਸਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਬੀਰ ਸਿੰਘ ਨਾਂ ਦਾ ਵਿਅਕਤੀ ਪਹਿਲਾਂ ਵੀ ਇਸ ਲੜਕੀ ਨੂੰ ਆਉਂਦੇ-ਜਾਂਦੇ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਅੱਜ ਉਸ ਨੇ ਆਪਣੇ ਦੋ ਸਾਥੀਆਂ ਨਾਲ ਇਸ ਲੜਕੀ ਉਪਰ ਗੋਲ਼ੀ ਚਲਾਈ ਹੈ, ਜਿਸ ਦੀ ਗਰਦਨ ’ਤੇ ਲੱਗਣ ਕਾਰਨ ਉਸ ਦੀ ਹਸਪਤਾਲ ਵਿਖੇ ਪਹੁੰਚ ਕੇ ਮੌਤ ਹੋ ਗਈ। ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ