ਨਸ਼ਿਆਂ ਦੇ ਦੈਂਤ ਨੇ ਇਕ ਹੋਰ ਨੌਜਵਾਨ ਨਿਗਲਿਆ, ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਈ ਮਾਂ
Wednesday, Apr 06, 2022 - 06:21 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੇ ਨੇੜਲੇ ਪਿੰਡ ਸ਼ਤਾਬਗੜ੍ਹ ਦੇ ਨੌਜਵਾਨ ਬਲਵੀਰ ਸਿੰਘ (33) ਨੂੰ ਨਸ਼ਿਆਂ ਦੇ ਦੈਂਤ ਨੇ ਨਿਗਲ ਲਿਆ ਅਤੇ ਅੱਜ ਉਸਦੀ ਨਸ਼ੇ ਕਾਰਣ ਮੌਤ ਹੋ ਗਈ ਜਿਸ ਦੀ ਲਾਸ਼ ਪਿੰਡ ਬਹਿਲੋਲਪੁਰ ਦੇ ਕਿੰਨਰ ਮਹੰਤ ਦੇ ਘਰ ਦੇ ਬਾਹਰ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਅੱਜ ਸਵੇਰੇ ਉਸਦੀ ਲਾਸ਼ ਬਹਿਲੋਲਪੁਰ ਦੇ ਰਹਿਣ ਵਾਲੇ ਕਿੰਨਰ ਮਹੰਤ ਰੇਨੂੰ ਦੇ ਘਰ ਬਾਹਰ ਮਿਲੀ। ਮ੍ਰਿਤਕ ਬਲਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਰੇਨੂੰ ਮਹੰਤ ਦੇ ਘਰ ਅੱਗੇ ਆ ਕੇ ਦੋਸ਼ ਲਗਾਏ ਕਿ ਉਨ੍ਹਾਂ ਦੇ ਪੁੱਤਰ ਦੀ ਇਸ ਕਿੰਨਰ ਵਲੋਂ ਦਿੱਤੇ ਨਸ਼ੇ ਕਾਰਨ ਮੌਤ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੈ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਲੁਧਿਆਣਾ ਪੁਲਸ ਨੂੰ ਪਿਆ ਵਖ਼ਤ
ਡੀ. ਐੱਸ. ਪੀ. ਖਹਿਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਨਸ਼ੇ ਕਰਨ ਦਾ ਆਦੀ ਸੀ ਜਿਸ ਨੂੰ ਨਸ਼ਾ ਛੁਡਾਉਣ ਲਈ ਕੇਂਦਰ ਵਿਚ ਵੀ 4 ਵਾਰ ਦਾਖਲ ਕਰਵਾਇਆ ਗਿਆ। ਪੁਲਸ ਅਨੁਸਾਰ ਅੱਜ ਇਸ ਦੀ ਲਾਸ਼ ਬਹਿਲੋਲਪੁਰ ਵਿਖੇ ਰੇਨੂੰ ਮਹੰਤ ਦੇ ਘਰ ਬਾਹਰ ਮਿਲੀ ਅਤੇ ਪਰਿਵਾਰਕ ਮੈਂਬਰ ਦੋਸ਼ ਲਗਾ ਰਹੇ ਹਨ ਕਿ ਇਸ ਮਹੰਤ ਵਲੋਂ ਦਿੱਤੇ ਨਸ਼ੇ ਕਾਰਨ ਉਸਦੀ ਮੌਤ ਹੋਈ ਹੈ। ਪੁਲਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰੇਨੂੰ ਮਹੰਤ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਮ੍ਰਿਤਕ ਦੀ ਲਾਸ਼ ਨੇੜਿਓਂ ਹੀ ਇਕ ਸਰਿੰਜ਼ ਵੀ ਮਿਲੀ ਹੈ ਜਿਸ ਤੋਂ ਸ਼ੰਕਾ ਕੀਤੀ ਜਾ ਰਹੀ ਹੈ ਕਿ ਇਹ ਨਸ਼ੇ ਦਾ ਟੀਕਾ ਲਗਾਉਣ ਉਪਰੰਤ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 5 ਧੀਆਂ ਦੀ ਮਾਂ ਨੇ ਚਾੜ੍ਹਿਆ ਚੰਨ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ
ਦੂਸਰੇ ਪਾਸੇ ਰੇਨੂੰ ਮਹੰਤ ਦਾ ਕਹਿਣਾ ਸੀ ਕਿ ਉਹ ਲੋਕਾਂ ਨੂੰ ਪੁੱਛਾ ਦਿੰਦਾ ਹੈ ਅਤੇ ਜੇਕਰ ਕੋਈ ਵਿਅਕਤੀ ਉਸ ਨੂੰ ਆਪਣੀ ਸਮੱਸਿਆ ਦੱਸਦਾ ਹੈ ਤਾਂ ਉਸ ਦਾ ਹੱਲ ਕਰਨ ਦਾ ਢੰਗ ਦੱਸਦੀ ਹੈ। ਬਲਵੀਰ ਸਿੰਘ ਵੀ ਉਸ ਕੋਲ ਆਪਣੀ ਸਮੱਸਿਆ ਲੈ ਕੇ ਆਇਆ ਸੀ ਪਰ ਉਸ ਨੂੰ ਨਹੀਂ ਪਤਾ ਕਿ ਉਸਦੇ ਘਰ ਬਾਹਰ ਕਿਵੇਂ ਮਰ ਗਿਆ। ਫਿਲਹਾਲ ਪੁਲਸ ਵਲੋਂ ਮ੍ਰਿਤਕ ਬਲਵੀਰ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਉਸਦੀ ਮੌਤ ਦੇ ਕੀ ਕਾਰਨ ਹਨ। ਦੂਸਰੇ ਪਾਸੇ ਪਿੰਡ ਵਾਲਿਆਂ ਨੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਕਿੰਨਰ ਦੇ ਡੇਰੇ ਅੰਦਰ ਹਰੇਕ ਤਰ੍ਹਾਂ ਦਾ ਨਸ਼ਾ ਚੱਲਦਾ ਹੈ ਅਤੇ ਅੱਜ ਜੋ ਨੌਜਵਾਨ ਦੀ ਮੌਤ ਹੋਈ ਹੈ ਉਹ ਬਹੁਤ ਮੰਦਭਾਗੀ ਹੈ। ਪਿੰਡ ਵਾਲਿਆਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰ ਜੋ ਵੀ ਦੋਸ਼ੀ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਸ ਵਲੋਂ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਰੇਨੂੰ ਮਹੰਤ ਖ਼ਿਲਾਫ਼ ਨਸ਼ਾ ਦੇਣ ਦੇ ਕਥਿਤ ਦੋਸ਼ ਹੇਠ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਬਲਵੀਰ ਸਿੰਘ ਵਿਆਹਿਆ ਹੋਇਆ ਸੀ ਜਿਸ ਦੇ 3 ਛੋਟੇ-ਛੋਟੇ ਬੱਚੇ ਸਨ।
ਇਹ ਵੀ ਪੜ੍ਹੋ : ਸਕੂਲ ਜਾਂਦੀ ਨੂੰ ਮੁੰਡਾ ਕਰਦਾ ਸੀ ਤੰਗ, ਅੰਤ 16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫਨਾਕ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?