ਸਪੇਨ ਜਾਣ ਦੀ ਚਾਹਤ ''ਚ ਗਵਾਈ ਜਾਨ, ਲਾਸ਼ ਲੈਣ ਲਈ ਪਰਿਵਾਰ ਵਲੋਂ ਅਰਜੋਈ

Tuesday, Oct 02, 2018 - 12:58 PM (IST)

ਸਪੇਨ ਜਾਣ ਦੀ ਚਾਹਤ ''ਚ ਗਵਾਈ ਜਾਨ, ਲਾਸ਼ ਲੈਣ ਲਈ ਪਰਿਵਾਰ ਵਲੋਂ ਅਰਜੋਈ

ਪਟਿਆਲਾ : ਪਿੰਡ ਘੜਾਮ ਦੇ 27 ਸਾਲਾ ਨੌਜਵਾਨ ਰਣਦੀਪ ਸਿੰਘ ਦੀ ਲਾਸ਼ ਵਿਦੇਸ਼ ਤੋਂ ਲਿਆਉਣ ਲਈ ਪਰਿਵਾਰ ਨੇ ਕੇਂਦਰ ਸਰਕਾਰ ਅੱਗੇ ਅਰਜੋਈ ਕੀਤੀ ਹੈ। ਯੂਰਪੀ ਦੇਸ਼ ਸਰਬੀਆ ਤੋਂ ਸਪੇਨ ਜਾਣ ਦੇ ਯਤਨਾਂ ਦੌਰਾਨ ਰਣਦੀਪ ਸਿੰਘ ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਹੋਰ ਕਈ ਧਿਰਾਂ ਨੂੰ ਬੇਨਤੀ ਪੱਤਰ ਭੇਜੇ ਹਨ। ਮਿਲੀ ਜਾਣਕਾਰੀ ਅਨੁਸਾਰ ਬੀ. ਕਾਮ ਕਰਨ ਤੋਂ ਬਾਅਦ ਰਣਦੀਪ ਸਿੰਘ ਨੇ ਵਿਦੇਸ਼ ਜਾਣ ਦੀ ਧਾਰ ਲਈ ਸੀ। ਉਹ ਸਪੇਨ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਦਾ ਇਕ ਭਰਾ ਅਤੇ ਭੈਣ ਵੀ ਸਪੇਨ ਵਿਚ ਸਨ ਜਦਕਿ ਇਕ ਭੈਣ ਇਟਲੀ 'ਚ ਹੈ। ਉਹ ਏਜੰਟ ਰਾਹੀਂ ਪਹਿਲਾਂ ਚਾਰ ਮਹੀਨੇ ਲਈ ਸਰਬੀਆ ਚਲਾ ਗਿਆ। ਉਥੋਂ ਆਏ ਸੁਨੇਹੇ ਤਹਿਤ ਪਰਿਵਾਰ ਨੇ ਇਥੇ ਏਜੰਟ ਨੂੰ ਸਾਢੇ ਪੰਜ ਲੱਖ ਰੁਪਏ ਦਿੱਤੇ ਤਾਂ ਜੋ ਰਣਦੀਪ ਨੂੰ ਸਪੇਨ ਪਹੁੰਚਾਇਆ ਜਾ ਸਕੇ। 

ਪਰਿਵਾਰ ਮੁਤਾਬਕ ਰੱਖੜੀ ਵਾਲੇ ਦਿਨ ਆਖਰੀ ਵਾਰ ਰਣਦੀਪ ਨਾਲ ਗੱਲਬਾਤ ਹੋਈ, ਇਸ ਮਗਰੋਂ ਉਸ ਦਾ ਕੋਈ ਫੋਨ ਨਹੀਂ ਆਇਆ। ਹੁਣ ਕੁਝ ਦਿਨ ਪਹਿਲਾਂ ਹੀ ਜੁਲਕਾਂ ਪੁਲਸ ਰਾਹੀਂ ਪਰਿਵਾਰ ਨੂੰ ਉਸ ਦੀ ਮੌਤ ਦੀ ਖਬਰ ਮਿਲੀ। ਹੁਣ ਪਰਿਵਾਰ ਰਣਦੀਪ ਦੀ ਲਾਸ਼ ਮੰਗਵਾਉਣ ਲਈ ਭਟਕ ਰਿਹਾ ਹੈ। ਥਾਣਾ ਮੁਖੀ ਗੁਰਪ੍ਰੀਤ ਭਿੰਡਲ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਡੁੱਬਣ ਕਾਰਨ ਹੋਈ ਹੈ। ਉਸ ਦੀ ਲਾਸ਼ 16 ਸਤੰਬਰ ਨੂੰ ਬੋਸਕੀਆ ਵਿਚਲੀ ਝੀਲ ਦੇ ਕੰਢਿਓਂ ਮਿਲੀ ਹੈ, ਜਿਸ ਦੀ ਹਾਲਤ ਕਾਫੀ ਵਿਗੜੀ ਹੋਈ ਸੀ। ਮ੍ਰਿਤਕ ਰਣਦੀਪ ਸਿੰਘ ਦੇ ਪਿਤਾ ਦੇ ਬਿਆਨਾਂ 'ਤੇ ਜੁਲਕਾਂ ਪੁਲਸ ਨੇ ਪੰਜਾਬ ਤੇ ਹਰਿਆਣਾ ਦੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।


Related News