ਸਤਲੁਜ ਦਰਿਆ ਨੇੜੇ ਜੰਗਲ ’ਚੋਂ ਮਿਲਿਆ ਕਤਲ ਕੀਤੇ ਗਏ ਤੁਸ਼ਾਰ ਦਾ ਮੋਟਰਸਾਈਕਲ
Wednesday, Dec 29, 2021 - 01:59 PM (IST)
ਲੁਧਿਆਣਾ (ਰਾਜ) : ਕੁੜੀ ਦੇ ਚੱਕਰ ਵਿਚ ਦੋਸਤ ਦਾ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਰਿਮਾਂਡ ’ਤੇ ਚੱਲ ਰਹੇ ਮੁਲਜ਼ਮ ਰੌਬਿਨ ਅਤੇ ਕੁਲਵਿੰਦਰ ਸਿੰਘ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਵਿਚ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਸੋਮਵਾਰ ਨੂੰ ਮ੍ਰਿਤਕ ਦਾ ਮੋਟਰਸਾਈਕਲ ਬਰਾਮਦ ਕਰ ਕੇ ਕਬਜ਼ੇ ਵਿਚ ਲੈ ਲਿਆ ਹੈ, ਜੋ ਕਿ ਮੁਲਜ਼ਮਾਂ ਨੇ ਤੁਸ਼ਾਰ ਦਾ ਕਤਲ ਕਰਨ ਤੋਂ ਬਾਅਦ ਸਤਲੁਜ ਦਰਿਆ ਦੇ ਨੇੜੇ ਜੰਗਲਾਂ ਵਿਚ ਲੁਕਾ ਦਿੱਤਾ ਸੀ। ਇੰਸ. ਮੁਹੰਮਦ ਜਮੀਲ ਨੇ ਦੱਸਿਆ ਕਿ ਤੁਸ਼ਾਰ ਦੇ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਉਸ ਦਾ ਮੋਟਰਸਾਈਕਲ ਵੀ ਲੁਕਾ ਦਿੱਤਾ ਸੀ, ਜੋ ਕਿ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਤੀਜੇ ਮੁਲਜ਼ਮ ਪਰਮਜੀਤ ਸਿੰਘ ਉਰਫ ਗੋਪੀ ਦੀ ਭਾਲ ਕਰ ਰਹੀ ਹੈ।
ਵਰਨਣਯੋਗ ਹੈ ਕਿ 23 ਦਸੰਬਰ ਨੂੰ ਤੁਸ਼ਾਰ ਨੂੰ ਉਸ ਦੇ ਦੋਸਤਾਂ ਨੇ ਪਾਰਟੀ ਦੇ ਬਹਾਨੇ ਬੁਲਾਇਆ ਸੀ। ਜਿਸ ਤੋਂ ਬਾਅਦ ਉਸ ਦਾ ਕਤਲ ਕਰ ਕੇ ਸਤਲੁਜ ਦਰਿਆ ਕਿਨਾਰੇ ਟੋਇਆ ਪੁੱਟ ਕੇ ਦਫਨਾ ਦਿੱਤਾ ਸੀ। ਜਦ ਉਹ ਘਰ ਨਾ ਪੁੱਜਾ ਤਾਂ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਜਾਂਚ ਸ਼ੁਰੂ ਕਰਦੇ ਹੋਏ ਤੁਸ਼ਾਰ ਦੇ ਦੋਸਤਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਅਤੇ ਮਾਮਲੇ ਨੂੰ ਹੱਲ ਕਰਦੇ ਹੋਏ ਦੋ ਦੋਸਤਾਂ ਨੂੰ ਕਾਬੂ ਕਰ ਲਿਆ ਸੀ। ਦੋਸਤਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਤੁਸ਼ਾਰ ਦਾ ਕਤਲ ਕਰ ਕੇ ਦਫਨਾ ਦਿੱਤਾ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕਰ ਕੇ ਕੇਸ ਦਰਜ ਕੀਤਾ ਸੀ।