ਰੰਜਿਸ਼ ਦੇ ਤਹਿਤ ਨੌਜਵਾਨ ਨੂੰ ਮਾਰੀ ਗੋਲ਼ੀ, ਕਾਂਗਰਸੀ ਨੰਬਰਦਾਰ ’ਤੇ ਲੱਗੇ ਦੋਸ਼
Saturday, May 29, 2021 - 05:34 PM (IST)
ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਕਸਬਾ ਮਾਣਕਪੁਰ ’ਚ ਦੋ ਧਿਰਾਂ ਦੀ ਰੰਜਿਸ਼ ਕਾਰਨ ਚੱਲੀ ਗੋਲ਼ੀ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ-32 ’ਚ ਸਥਿਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਜ਼ਖ਼ਮੀ ਪ੍ਰੇਮ ਸਿੰਘ ਰਾਣਾ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਅਬਰਾਵਾਂ ਦੀ ਜ਼ਮੀਨ ’ਚ ਬਣੇ ਡੇਰੇ ਵਿਚ ਰਹਿੰਦੇ ਹਨ। ਬੀਤੇ ਦਿਨੀਂ ਪਿੰਡ ਮਾਣਕਪੁਰ ਦੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਨੰਬਰਦਾਰ ਵੱਲੋਂ ਉਨ੍ਹਾਂ ਦੀ ਗਲੀ ਵਿਚ ਪੁਲੀ ਬਣਵਾਈ ਜਾ ਰਹੀ ਸੀ ਤੇ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਪੁਰਾਣੀ ਪੁਲੀ ਦੀ ਬਣਤਰ ਸਹੀ ਹੈ, ਜਿਸ ਲਈ ਉਸ ਨੂੰ ਨਾ ਤੋੜਿਆ ਜਾਵੇ ਕਿਉਂਕਿ ਇਸ ਪੁਲੀ ਨੂੰ ਤੋੜਨ ਕਾਰਨ ਉਨ੍ਹਾਂ ਦੇ ਘਰ ਜਾਣ ਦਾ ਰਸਤਾ ਬੰਦ ਹੋ ਜਾਣਾ ਸੀ। ਇਸ ਪੁਲੀ ਨੂੰ ਲੈ ਕੇ ਉਨ੍ਹਾਂ ਦੀ ਨੰਬਰਦਾਰ ਦੇ ਪਰਿਵਾਰ ਨਾਲ ਬੋਲ ਬੁਲਾਈ ਹੋ ਗਈ ਸੀ ਤੇ ਇਹ ਮਾਮਲਾ ਥਾਣਾ ਬਨੂੜ ਵਿਖੇ ਪਹੁੰਚ ਗਿਆ ਸੀ। ਪ੍ਰੰਤੂ ਪਿੰਡ ਦੀ ਪੰਚਾਇਤ ਨੇ ਦੋਵਾਂ ਧਿਰਾਂ ਨੂੰ ਆਪਸ ਵਿਚ ਹੀ ਮਾਮਲਾ ਨਿਬੇੜ ਦਾ ਕਹਿ ਕੇ ਇਸ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਸੀ।
ਪੀੜਤ ਨੇ ਦੱਸਿਆ ਕਿ ਅੱਜ ਸਵੇਰੇ 7 ਕੁ ਵਜੇ ਦੇ ਕਰੀਬ ਉਸ ਦਾ ਭਰਾ ਪ੍ਰੇਮ ਸਿੰਘ ਰਾਣਾ ਤੇ ਮੇਰਾ ਪੁੱਤਰ ਰਵਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਦੀ ਡਾਇਰੀ ’ਚ ਦੁੱਧ ਪਾਉਣ ਜਾ ਰਹੇ ਸੀ ਤਾਂ ਰਸਤੇ ’ਚ ਉਕਤ ਨੰਬਰਦਾਰ ਆਪਣੇ ਸਾਥੀਆਂ ਸਮੇਤ ਖੜ੍ਹਾ ਸੀ, ਜਿਸ ਨੇ ਉਨ੍ਹਾਂ ਨੂੰ ਘੇਰ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਇਸ ਦੌਰਾਨ ਉਕਤ ਵਿਅਕਤੀ ਨੇ ਤੈਸ਼ ’ਚ ਆ ਕੇ ਆਪਣੀ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਭਰਾ ਪ੍ਰੇਮ ਸਿੰਘ ਦੇ ਮੋਢੇ ’ਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਚੰਡੀਗੜ੍ਹ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਤੋਂ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮਾਮਲੇ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ, ਇਸ ਉਪਰੰਤ ਕਾਨੂੰਨ ਅਨੁਸਾਰ ਮਾਮਲਾ ਦਰਜ ਕੀਤਾ ਜਾਵੇਗਾ।