ਜਲਾਲਾਬਾਦ : ਪਿੰਡ ਕਾਹਨੇ ਵਾਲਾ ''ਚ ਸ਼ੱਕੀ ਹਲਾਤ ''ਚ 22 ਸਾਲਾ ਨੌਜਵਾਨ ਦੀ ਮੌਤ
Sunday, Apr 19, 2020 - 07:28 PM (IST)
ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਹਲਕੇ ਦੇ ਪਿੰਡ ਕਾਹਨੇ ਵਾਲਾ 'ਚ 22 ਸਾਲਾ ਨੌਜਵਾਨ ਦੀ ਸ਼ੱਕੀ ਹਲਾਤ 'ਚ ਮੌਤ ਹੋ ਗਈ। ਮ੍ਰਿਤਕ ਕੇਵਲ ਸਿੰਘ ਪੁੱਤਰ ਭਜਨ ਸਿੰਘ ਕੰਬਾਇਨ ਚਲਾਉਣ ਦਾ ਕੰਮ ਕਰਦਾ ਸੀ। ਉਧਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਕੇਵਲ ਸਿੰਘ ਪਿਛਲੇ ਸਮੇਂ ਦੌਰਾਨ ਮੱਧ ਪ੍ਰਦੇਸ਼ 'ਚ ਕਣਕ ਦੀ ਫਸਲ ਦੀ ਕਟਾਈ ਲਈ ਆਪਣੇ ਕੁੱਝ ਸਾਥੀਆਂ ਸਮੇਤ ਗਿਆ ਸੀ ਅਤੇ 18 ਅਪ੍ਰੈਲ ਨੂੰ ਉਹ ਆਪਣੇ ਘਰ ਵਾਪਸ ਪਰਤਿਆ ਸੀ ਪਰ ਐਤਵਾਰ ਸਵੇਰੇ ਕੇਵਲ ਸਿੰਘ ਮ੍ਰਿਤਕ ਹਾਲਤ ਵਿਚ ਮਿਲਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, 237 'ਤੇ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ, ਅਜੇ ਵੀ ਸੰਭਲਣ ਦਾ ਵੇਲਾ
ਉਧਰ ਪਿੰਡ ਦੇ ਸਰਪੰਚ ਸੰਜੀਵ ਸੋਈ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਤੋਂ ਰਾਜਸਥਾਨ ਦੇ ਕੋਟਾ ਤੋਂ ਕਣਕ ਦੀ ਵਾਢੀ ਕਰਕੇ ਤਿੰਨ ਕੰਬਾਇਨਾਂ ਜਿਸ ਵਿਚ 15 ਲੋਕ ਸ਼ਾਮਿਲ ਸਨ ਉਹ ਪਿੰਡ ਕਾਹਨਾਂ ਆਏ ਜਿੰਨ੍ਹਾਂ 'ਚ ਦੋ ਗੁਰੂਹਰਸਹਾਏ ਨਾਲ ਸਬੰਧਤ ਸਨ ਚਲੇ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਫਾਜ਼ਿਲਕਾ ਕੰਟਰੋਲ ਰੂਮ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੈਡੀਕਲ ਟੀਮ ਨੇ ਉਨ੍ਹਾਂ ਦਾ ਚੈਕਅਪ ਕੀਤਾ। ਐਤਵਾਰ ਸਵੇਰੇ ਕਰੀਬ 6 ਵਜੇ ਪਤਾ ਲੱਗਾ ਕਿ ਉਕਤ ਨੌਜਵਾਨ ਕੇਵਲ ਸਿੰਘ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਫਿਰ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਟੀਮ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਫਾਜ਼ਿਲਕਾ ਸਿਵਲ ਹਸਪਤਾਲ ਲੈ ਗਏ। ਉਧਰ ਨੋਡਲ ਅਫਸਰ ਜਲਾਲਾਬਾਦ ਗੁਰਪ੍ਰੀਤ ਤਿੰਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਇਨ੍ਹਾਂ ਲੋਕਾਂ ਦਾ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਇਨ੍ਹਾਂ 'ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਸਨ ਅਤੇ ਇਨ੍ਹਾਂ ਨੂੰ 14 ਦਿਨਾਂ ਲਈ ਘਰ 'ਚ ਇਕਾਂਤ ਵਾਸ ਕੀਤਾ ਸੀ ਅਤੇ ਅੱਜ ਸਵੇਰੇ ਫਿਰ ਦੋਬਾਰਾ ਫੋਨ ਆਇਆ ਕਿ ਉਕਤ ਲੜਕੇ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨਾਲ ਜੰਗ ਵਿਰੁੱਧ ਪੰਜਾਬ ਸਰਕਾਰ ਦਾ ਵੱਡਾ ਕਦਮ, ਜਾਰੀ ਕੀਤੇ ਇਹ ਨਵੇਂ ਹੁਕਮ
ਸਿਵਲ ਸਰਜਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਾਹਨੇ ਵਾਲਾ 'ਚ ਹੋਈ ਮੌਤ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਪਰ ਇਹ ਸਾਫ ਨਹੀਂ ਹੈ ਕਿ ਉਸਦੀ ਮੌਤ ਦਾ ਕੀ ਕਾਰਣ ਹੈ ਪਰ ਪਤਾ ਲੱਗਿਆ ਹੈ ਕਿ ਉਹ ਨੌਜਵਾਨ ਕੁੱਝ ਨਸ਼ੇ ਦਾ ਵੀ ਆਦੀ ਸੀ। ਜਦੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਸੈਂਪਲ ਲੈਣ ਲਈ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਿਸ ਤਰ੍ਹਾਂ ਦੀ ਕਾਰਵਾਈ ਲਈ ਕਿਹਾ ਜਾਵੇਗਾ ਉਸ ਮੁਤਾਬਿਕ ਕੋਰੋਨਾ ਵਾਇਰਸ ਦੇ ਜਾਂਚ ਲਈ ਸੈਂਪਲ ਲੈਣ ਜਾਂ ਨਾ ਲੈਣ ਸਬੰਧੀ ਫੈਸਲਾ ਲਿਆ ਜਾਵੇਗਾ। ਉਧਰ ਪਿੰਡ ਦੇ ਇਕ ਵਸਨੀਕ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਨੌਜਵਾਨ ਲੜਕਾ ਨਸ਼ੇ ਦਾ ਆਦੀ ਸੀ ਅਤੇ ਰਾਤ ਵੀ ਇਸ ਨੇ ਨਸ਼ਾ ਕੀਤਾ ਸੀ । ਪਿੰਡ ਵਾਸੀ ਨੇ ਦੱਸਿਆ ਕਿ ਲੋਕਾਂ ਨੂੰ ਬਿਨਾਂ ਕਿਸੇ ਜਾਂਚ ਦੇ ਕੋਰੋਨਾ ਵਾਇਰਸ ਪ੍ਰਤੀ ਅਫਵਾਹ ਨਹੀਂ ਫੈਲਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੈਪਟਨ ਦਾ ਐਲਾਨ, ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ 'ਤੇ ਬਣੇਗੀ ਲੋਹੀਆਂ ਆਈ. ਟੀ. ਆਈ.