ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ, ਪਿਤਾ ਬੋਲਿਆ ਜ਼ਹਿਰ ਦੇ ਕੇ ਮਾਰਿਆ ਮੇਰਾ ਪੁੱਤ
Sunday, Jan 12, 2020 - 02:17 PM (IST)

ਲੁਧਿਆਣਾ (ਰਾਜ) : ਸ਼ੁੱਕਰਵਾਰ ਰਾਤ ਸਿਵਲ ਹਸਪਤਾਲ ਵਿਚ ਹੰਗਾਮਾ ਕਰਨ ਦੇ ਕੇਸ ਵਿਚ ਮ੍ਰਿਤਕ ਵਿਜੇ ਦੇ ਪਿਤਾ ਨੇ ਗੰਭੀਰ ਦੋਸ਼ ਲਾਏ ਹਨ। ਪਿਤਾ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ ਡਾਬਾ ਇਲਾਕੇ ਵਿਚ ਰਹਿਣ ਵਾਲੀਆਂ ਦੋ ਔਰਤਾਂ ਨੇ ਜ਼ਹਿਰ ਦੇ ਕੇ ਕਤਲ ਕੀਤਾ ਹੈ। ਇਸ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਸ਼ਨੀਵਾਰ ਸਵੇਰੇ ਉਕਤ ਔਰਤਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ, ਨਾਲ ਹੀ ਡਾਕਟਰਾਂ ਦੇ ਬੋਰਡ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਮੌਤ ਦਾ ਕਾਰਨ ਸਪੱਸ਼ਟ ਨਾ ਹੋਣ ਕਰਕੇ ਵਿਸਰਾ ਜਾਂਚ ਲਈ ਲੈਬ ਵਿਚ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣ 'ਤੇ ਹੀ ਮੌਤ ਦਾ ਅਸਲ ਕਾਰਨ ਸਪੱਸ਼ਟ ਹੋ ਸਕੇਗਾ। ਉਧਰ, ਪੁਲਸ ਨੇ ਹਾਲ ਦੀ ਘੜੀ ਇਸ ਕੇਸ ਵਿਚ 174 ਦੀ ਕਾਰਵਾਈ ਕੀਤੀ ਹੈ।
ਪ੍ਰਿਤਪਾਲ ਕੁਮਾਰ ਨੇ ਦੱਸਿਆ ਕਿ ਉਹ ਮਿਲਰਗੰਜ ਦਾ ਰਹਿਣ ਵਾਲਾ ਹੈ। ਉਸ ਦਾ ਬੇਟਾ ਵਿਜੇ ਚਾਹ ਦੀ ਦੁਕਾਨ ਕਰਦਾ ਸੀ। ਸ਼ਾਮ ਨੂੰ ਉਸ ਦਾ ਬੇਟਾ ਡਾਬਾ ਇਲਾਕੇ ਵਿਚ ਗਿਆ ਸੀ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕਈ ਵਾਰ ਕਾਲ ਕੀਤੀ ਪਰ ਕਿਸੇ ਨੇ ਪਿਕ ਨਹੀਂ ਕੀਤਾ। ਫਿਰ ਅਣਜਾਣ ਵਿਅਕਤੀ ਨੇ ਕਾਲ ਪਿਕ ਕਰ ਕੇ ਦੱਸਿਆ ਕਿ ਜਿਸ ਦਾ ਮੋਬਾਇਲ ਹੈ, ਉਹ ਵਿਕਅਤੀ ਸੜਕ ਦੇ ਕੰਢੇ ਡਿੱਗਿਆ ਪਿਆ ਹੈ। ਪ੍ਰਿਤਪਾਲ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਦੇ ਬੇਟੇ ਨੂੰ ਮ੍ਰਿਤਕ ਐਲਾਨ ਦਿੱਤਾ।
ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਿੱਥੇ ਵਿਜੇ ਡਿੱਗਿਆ ਪਿਆ ਮਿਲਿਆ ਸੀ, ਉੱਥੋਂ ਜਾਣਕਾਰੀ ਹਾਸਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਜੇ ਡਾਬਾ ਦੇ ਇਲਾਕੇ ਵਿਚ ਰਹਿਣ ਵਾਲੀਆਂ ਦੋ ਔਰਤਾਂ ਦੇ ਘਰ ਗਿਆ ਸੀ। ਇਕ ਫੁਟੇਜ ਤੋਂ ਪਤਾ ਲੱਗਾ ਹੈ ਕਿ ਕਰੀਬ 5 ਵਜੇ ਵਿਜੇ ਉਕਤ ਇਲਾਕੇ ਵਿਚ ਗਿਆ ਸੀ। ਇਸ ਤੋਂ ਬਾਅਦ 6 ਵਜੇ ਉਹ ਡਿੱਗਿਆ ਪਿਆ ਮਿਲਿਆ। ਪ੍ਰਿਤਪਾਲ ਕੁਮਾਰ ਦਾ ਦੋਸ਼ ਹੈ ਕਿ ਉਕਤ ਔਰਤਾਂ ਨੇ ਹੀ ਉਸ ਦੇ ਬੇਟੇ ਨੂੰ ਜ਼ਹਿਰ ਦੇ ਕੇ ਉਸ ਦਾ ਕਤਲ ਕੀਤਾ ਹੈ, ਇਸ ਲਈ ਉਨ੍ਹਾਂ ਨੇ ਸ਼ਨੀਵਾਰ ਸਵੇਰੇ ਉਕਤ ਔਰਤਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਥਾਣਾ ਡਾਬਾ ਦੀ ਪੁਲਸ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਔਰਤਾਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ। ਉਧਰ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵਾਲੇ ਔਰਤਾਂ 'ਤੇ ਜੋ ਦੋਸ਼ ਲਾ ਰਹੇ ਹਨ, ਉਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਅਤੇ ਵਿਸਰਾ ਜਾਂਚ ਲਈ ਭੇਜਿਆ ਹੈ। ਵਿਸਰਾ ਰਿਪੋਰਟ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਹਾਲ ਦੀ ਘੜੀ 174 ਦੀ ਕਾਰਵਾਈ ਕਰ ਕੇ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।