ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਨਹਿਰ ਵਿਚ ਮਾਰੀ ਛਾਲ

Friday, Feb 21, 2020 - 06:18 PM (IST)

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਨਹਿਰ ਵਿਚ ਮਾਰੀ ਛਾਲ

ਪੱਟੀ/ਤਰਨਤਾਰਨ (ਸੌਰਭ, ਬਲਵਿੰਦਰ ਕੌਰ) : ਬੈਂਕ ਅਤੇ ਆੜ੍ਹਤੀਏ ਦੇ ਕਰਜ਼ੇ ਤੋਂ ਦੁੱਖੀ ਹੋ ਕੇ ਇਕ ਨੌਜਵਾਨ ਨੇ ਮੱਖੂ ਵਾਲੀ ਰਾਜਸਥਾਨ ਨਹਿਰ ਵਿਚ ਬੀਤੇ ਦਿਨੀਂ ਛਾਲ ਮਾਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਰਨ ਸਿੰਘ ਪੁੱਤਰ ਹਰਦੀਪ ਸਿੰਘ ਨਿਵਾਸੀ ਸੈਦੋ ਥਾਣਾ ਸਦਰ ਪੱਟੀ ਨੇ ਦੱਸਿਆ ਕਿ ਮੈਂ ਖੇਤੀਬਾੜੀ ਕਰਦਾ ਹਾਂ ਅਤੇ ਮੇਰੇ ਸਿਰ 'ਤੇ ਬੈਂਕਾਂ ਤੇ ਆੜ੍ਹਤੀਆਂ ਦੇ ਕਰੀਬ 10 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਮੈਂ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਮੇਰੀ ਪਤਨੀ ਕਾਫੀ ਬੀਮਾਰ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਮੇਰਾ ਲੜਕਾ ਗੁਰਪ੍ਰੀਤ ਸਿੰਘ ਕਰਜ਼ੇ ਤੋਂ ਦੁੱਖੀ ਹੋਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੇਰੋਜ਼ਗਾਰ ਹੋਣ ਕਰਕੇ ਬੀਤੇ ਦਿਨ ਸ਼ਾਮ ਨੂੰ ਪਲੈਟੀਨਾ ਮੋਟਰ ਸਾਈਕਲ 'ਤੇ ਘਰੋਂ ਗਿਆ ਅਤੇ ਜਿਸ ਸਬੰਧੀ ਅਸੀਂ ਉਸਦੀ ਕਾਫੀ ਭਾਲ ਕੀਤੀ। ਸਾਨੂੰ ਕਿਸੇ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਪਲੈਟੀਨਾ ਮੋਟਰਸਾਈਕਲ ਮੱਖੂ ਨਹਿਰ ਕੋਲ ਖੜ੍ਹਾ ਹੈ ਅਤੇ ਇਕ ਮੋਬਾਇਲ ਫੋਨ ਅਤੇ ਪਰਸ ਮੌਜੂਦ ਹੈ। ਅਸੀਂ ਘਟਨਾ ਸਬੰਧੀ ਪੱਟੀ ਸਦਰ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੱਟੀ ਸਦਰ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਖਦਸ਼ਾ ਹੈ ਕਿ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ, ਜਿਸ ਦੇ ਚੱਲਦੇ ਉਨ੍ਹਾਂ ਲੜਕੇ ਦੀ ਭਾਲ ਦੀ ਮੰਗ ਕੀਤੀ ਹੈ।


author

Gurminder Singh

Content Editor

Related News