ਵਿਧਾਨ ਸਭਾ ਚੋਣਾਂ ’ਤੇ ਬੋਲੇ ਯੋਗੀ ਆਦਿੱਤਿਆਨਾਥ ,ਯੂ. ਪੀ. ਲਈ ਸਹੀ ਕੀ, ਬਿਹਤਰ ਕੌਣ, ਇਹ ਸਮਝਣਾ ਜ਼ਰੂਰੀ

Wednesday, Feb 02, 2022 - 12:46 PM (IST)

ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਧਾਨ ਸਭਾ ਚੋਣਾਂ ’ਚ ਉੱਠੇ ਮੁੱਦਿਆਂ ’ਤੇ ‘ਪੰਜਾਬ ਕੇਸਰੀ’, ‘ਨਵੋਦਿਆ ਟਾਈਮਸ’, ‘ਜਗ ਬਾਣੀ’ ਤੇ ‘ਹਿੰਦ ਸਮਾਚਾਰ’ ਦੇ ਨਿਸ਼ੀਥ ਜੋਸ਼ੀ ਨਾਲ ਖਾਸ ਗੱਲਬਾਤ ਕੀਤੀ।

2022 ਵੱਖਰਾ ਨਹੀਂ ਹੋਵੇਗਾ
ਜੋ ਨਤੀਜਾ 2014 ’ਚ ਆਇਆ, 2017 ’ਚ ਆਇਆ, 2019 ’ਚ ਆਇਆ, 2022 ਉਸ ਤੋਂ ਵੱਖਰਾ ਨਹੀਂ ਹੋਵੇਗਾ। ਚਿਹਰੇ ਨਾ ਲੱਭੋ, ਨੀਤੀ ਵੇਖੋ, ਨੀਅਤ ਸਮਝੋ : ਯੋਗੀ ਆਦਿੱਤਿਆਨਾਥ

ਲਖੀਮਪੁਰ ਘਟਨਾ ਦੀ ਜਾਂਚ
ਲਖੀਮਪੁਰ ਘਟਨਾ ਦੀ ਜਾਂਚ ਜਾਰੀ ਹੈ। ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਰਫ ਦੋਸ਼ ਦੇ ਆਧਾਰ ’ਤੇ ਅਸਤੀਫੇ ਦੀ ਮੰਗ ਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ।

ਚੋਣਾਂ 80 ਬਨਾਮ 20
ਇਹ ਚੋਣ 80 ਬਨਾਮ 20 ਹੈ। 80 ਫ਼ੀਸਦੀ ਉਹ ਹਨ ਜੋ ਸਾਡੇ ਵਾਂਗ ਗਰੀਬ ਕਲਿਆਣ, ਕਿਸਾਨ, ਮਹਿਲਾ ਸੁਰੱਖਿਆ ਬਾਰੇ ਸੋਚਦੇ ਹਨ ਅਤੇ 20 ਉਹ ਹਨ ਜੋ ਨਾਂਹਪੱਖੀ ਸੋਚ ਨਾਲ ਵਿਕਾਸ ਤੇ ਸਮਾਜਿਕ ਸੁਹਿਰਦਤਾ ’ਚ ਅੜਿੱਕਾ ਹਨ।

ਹੁਣ ਭਾਜਪਮਈ
2 ਸੰਸਦ ਮੈਂਬਰਾਂ ਦੀ ਪਾਰਟੀ ਵੀ ਰਹੀ ਹੈ, ਅੱਜ ਚੱਪਾ-ਚੱਪਾ ਭਾਜਪਾਮਈ ਹੈ

‘ਸਰਕਾਰ ਦੇ ਕੰਮਕਾਜ ’ਤੇ ਜਨਤਾ ਦੇ ਮਨ ’ਚ ਮੋਹਰ ਲੱਗ ਚੁੱਕੀ ਹੈ’
ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਕੁਦਰਤ ਤੇ ਪ੍ਰਮਾਤਮਾ ਦੀ ਵਡਮੁੱਲੀ ਕਿਰਪਾ ਵਾਲੇ ਇਸ ਸੂਬੇ ਦੇ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ

ਵਿਧਾਨ ਸਭਾ ਸੀਟਾਂ ਦੇ ਹਿਸਾਬ ਨਾਲ ਸਭ ਤੋਂ ਵੱਡੇ ਸੂਬੇ ਦੀ ਸਰਕਾਰ ਭਗਵਾ ਕੱਪੜਿਆਂ ਵਾਲੇ ਸੰਨਿਆਸੀ ਨੇ ਚਲਾਈ। ਕਿਹੋ ਜਿਹੇ ਤਜਰਬੇ ਰਹੇ ?
25 ਕਰੋੜ ਦੀ ਆਬਾਦੀ ਵਾਲਾ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਬਹੁਤ ਸੂਬਾ ਹੈ। ਬਿਨਾਂ ਸ਼ੱਕ ਚੁਨੌਤੀਆਂ ਵੀ ਵੱਡੀਆਂ ਹੋਣਗੀਆਂ। ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਕੁਦਰਤ ਤੇ ਪ੍ਰਮਾਤਮਾ ਦੀ ਵਡਮੁੱਲੀ ਕਿਰਪਾ ਵਾਲੇ ਇਸ ਸੂਬੇ ਦੇ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ। 5 ਵਿਚੋਂ ਲਗਭਗ 2 ਸਾਲ ਤਾਂ ਕੋਰੋਨਾ ਕਾਲ ਵਿਚ ਹੀ ਨਿਕਲ ਗਏ ਪਰ ‘ਆਪਦਾ ਮੇਂ ਅਵਸਰ’ ਦੇ ਮੰਤਰ ਨੂੰ ਧਾਰ ਕੇ ਉੱਤਰ ਪ੍ਰਦੇਸ਼ ਨੇ ਆਫਤ ਵਿਚ ਖੁਦ ਨੂੰ ਸਾਬਤ ਕਰਨ ਦਾ ਮੌਕਾ ਵੇਖਿਆ। ਹੁਣ ਸੂਬੇ ਦਾ ਕੋਰੋਨਾ ਪ੍ਰਬੰਧਨ ਦੇਸ਼-ਦੁਨੀਆ ਵਿਚ ਸਫਲ ਮਾਡਲ ਦੇ ਰੂਪ ’ਚ ਸਲਾਹਿਆ ਜਾ ਰਿਹਾ ਹੈ। ਮੇਰੀ ਪੂਰੀ ਕੋਸ਼ਿਸ਼ ਰਹੀ ਹੈ ਕਿ ਸਾਰੇ 75 ਜ਼ਿਲਿਆਂ ਦੀਆਂ 403 ਵਿਧਾਨ ਸਭਾ ਸੀਟਾਂ ਤਕ ਸਿੱਧੀ ਪਹੁੰਚ ਹੋਵੇ। ਇਸੇ ਕੋਸ਼ਿਸ਼ ਦਾ ਨਤੀਜਾ ਹੈ ਕਿ ਜਨਤਾ ਵਲੋਂ ਸਿੱਧਾ ਫੀਡਬੈਕ ਮਿਲਦਾ ਰਹਿੰਦਾ ਹੈ। ਮੁੱਖ ਮੰਤਰੀ ਦਾ ਅਹੁਦਾ ਵੱਡੀ ਜ਼ਿੰਮੇਵਾਰੀ ਹੈ। 25 ਕਰੋਡ਼ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਚੁਣੌਤੀ ਹੈ। ਪ੍ਰਧਾਨ ਮੰਤਰੀ ਜੀ ਦੇ ਮਾਰਗਦਰਸ਼ਨ ਹੇਠ ਸੂਬਾ ਸਰਕਾਰ ਨੇ ਹਰ ਚੁਣੌਤੀ, ਹਰ ਮੁਸ਼ਕਲ ਦਾ ਡੱਟ ਕੇ ਸਾਹਮਣਾ ਕੀਤਾ। ਬਿਨਾਂ ਰੁਕੇ, ਬਿਨਾਂ ਥੱਕੇ, ਬਿਨਾਂ ਡਿੱਗੇ ਰਾਸ਼ਟਰ ਉਦੈ ਦੀ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ।

ਪਿਛਲੀਆਂ ਚੋਣਾਂ ਵਿਚ ਤੁਸੀਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਨਹੀਂ ਸੀ। ਇਸ ਵਾਰ ਤੁਸੀਂ ਹੀ ਭਾਜਪਾ ਦਾ ਮੁੱਖ ਚਿਹਰਾ ਹੋ, ਕੀ ਉਮੀਦਾਂ ਹਨ ?
2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਦਾ ਜੋ ਵਿਜੇ ਸੰਕਲਪ ਰੱਥ ਚੱਲਿਆ ਸੀ, ਉਸ ਦੀ ਯਾਤਰਾ ਬਿਨਾਂ ਰੁਕੇ ਜਾਰੀ ਹੈ। ਜੋ ਨਤੀਜਾ 2014, 2017 ਤੇ 2019 ਵਿਚ ਆਇਆ, 2022 ਉਸ ਤੋਂ ਵੱਖਰਾ ਨਹੀਂ ਹੋਵੇਗਾ। ਚਿਹਰੇ ਨਾ ਲੱਭੋ, ਨੀਤੀ ਵੇਖੋ, ਨੀਅਤ ਸਮਝੋ। ਯੂ. ਪੀ. ਲਈ ਸਹੀ ਕੀ ਹੈ, ਬਿਹਤਰ ਕੌਣ ਹੈ, ਇਸ ਨੂੰ ਜਾਣਨਾ-ਸਮਝਣਾ ਜ਼ਰੂਰੀ ਹੈ। ਕੇਂਦਰ ਵਿਚ ਮੋਦੀ ਦੀ ਅਗਵਾਈ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਸੂਬਾ ਸਰਕਾਰ ਦੇ ਕੰਮਕਾਜ ’ਤੇ ਜਨਤਾ ਦੇ ਮਨ ਵਿਚ ਮੋਹਰ ਲੱਗ ਚੁੱਕੀ ਹੈ। ਨਤੀਜਿਆਂ ਦਾ ਰਸਮੀ ਐਲਾਨ 10 ਮਾਰਚ ਨੂੰ ਹੋ ਜਾਵੇਗਾ।

ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਵਾਮੀ ਪ੍ਰਸਾਦ ਮੌਰਿਆ ਸਮੇਤ ਕਈ ਮੰਤਰੀਆਂ ਨੇ ਪਾਰਟੀ ਛੱਡ ਦਿੱਤੀ ਹੈ। ਇਸ ਨਾਲ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ’ਤੇ ਕੀ ਫਰਕ ਪਵੇਗਾ? ਉਨ੍ਹਾਂ ਵੱਲੋਂ ਦੋਸ਼ ਹੈ ਕਿ ਪੱਛੜੇ ਵਰਗ ਨੂੰ ਤੁਹਾਡੀ ਸਰਕਾਰ ’ਚ ਅਣਡਿੱਠ ਕੀਤਾ ਗਿਆ। 5 ਸਾਲ ਤਕ ਮੌਰਿਆ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਵਿਚ ਕਿੰਨੀ ਸੱਚਾਈ ਹੈ?
ਭਾਜਪਾ ਵਰਕਰ ਆਧਾਰਤ ਪਾਰਟੀ ਹੈ। ਇਸ ਪਾਰਟੀ ਵਿਚ ਸਰਵਉੱਚ ਪਹਿਲ ਆਮ ਵਰਕਰ ਨੂੰ ਹੈ। ਕਿਸੇ ਨੇਤਾ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੇ ਵੀ ਲੋਕ ਪਾਰਟੀ ਛੱਡ ਕੇ ਗਏ ਹਨ, ਦਰਅਸਲ ਉਹ ਲੋਕ ਹੈ ਜੋ ਲੋਕਪ੍ਰਿਯ ਭਾਜਪਾ ਸਰਕਾਰ ਦੇ ਲਗਾਤਾਰ ਸਹਿਯੋਗ ਤੋਂ ਬਾਅਦ ਵੀ ਆਪਣਾ ਕੋਈ ਜਨ-ਆਧਾਰ ਬਣਾਉਣ ’ਚ ਅਸਫਲ ਰਹੇ। ਜਦੋਂ ਇਹ ਪਾਰਟੀ ਵਿਚ ਸਨ, ਉਸ ਵੇਲੇ ਕੋਈ ਗੱਲ ਨਹੀਂ ਕੀਤੀ। ਤੁਸੀਂ ਉਨ੍ਹਾਂ ਨੂੰ ਪੁੱਛੋ ਕਿ ਲਗਭਗ 5 ਸਾਲ ਦੇ ਕਾਰਜਕਾਲ ਵਿਚ ਕਦੇ ਕੁਝ ਨਹੀਂ ਕਿਹਾ ਤਾਂ ਅਚਾਨਕ ਚੋਣਾਂ ਸਿਰ ’ਤੇ ਆਉਂਦੇ ਹੀ ਪਾਰਟੀ ਛੱਡ ਕੇ ਕਿਉਂ ਚਲੇ ਗਏ।

ਭਾਜਪਾ ਨੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ, ਇਸ ਦੇ ਪਿੱਛੇ ਕੀ ਮੁੱਖ ਕਾਰਨ ਰਹੇ? ਭਾਜਪਾ ’ਚੋਂ ਮੰਤਰੀਆਂ ਤੇ ਵਿਧਾਇਕਾਂ ਦੇ ਅਸਤੀਫੇ ਕਿਉਂ ਹੋਏ ? ਕੀ ਇਸ ਨਾਲ ਭਾਜਪਾ ਦੇ ਵੋਟ ਬੈਂਕ ’ਤੇ ਬਹੁਤ ਅਸਰ ਪਵੇਗਾ?
ਭਾਜਪਾ ਵਿਚਾਰਧਾਰਾ ਪ੍ਰਤੀ ਸਮਰਪਿਤ ਇਕ ਵਰਕਰ ਆਧਾਰਤ ਪਾਰਟੀ ਹੈ। ਇਹ ਇਕੋ-ਇਕ ਪਾਰਟੀ ਹੈ ਜਿੱਥੇ ਆਮ ਵਰਕਰ ਵੀ ਕੱਲ ਨੂੰ ਪਾਰਟੀ ਪ੍ਰਧਾਨ ਵਰਗੇ ਸਰਵਉੱਚ ਅਹੁਦੇ ’ਤੇ ਪਹੁੰਚ ਸਕਦਾ ਹੈ। ਰਹੀ ਗੱਲ ਟਿਕਟ ਵੰਡ ਦੀ ਤਾਂ ਸਾਡੇ ਇੱਥੇ ਕੇਂਦਰੀ ਚੋਣ ਕਮੇਟੀ ਹੈ, ਉਹ ਫ਼ੈਸਲਾ ਲੈਂਦੀ ਹੈ। ਪਾਰਟੀ ਛੱਡ ਕੇ ਜਾਣ ਵਾਲਿਆਂ ਦੀ ਗੱਲ ਕੀ ਕੀਤੀ ਜਾਵੇ ਤਾਂ ਜਦੋਂ ਵਿਚਾਰਕ ਵਫਾਦਾਰੀ ’ਤੇ ਨਿੱਜ ਸਵਾਰਥ ਹਾਵੀ ਹੋ ਜਾਵੇ ਤਾਂ ਕੁਝ ਵੀ ਸੰਭਵ ਹੈ। ਦਿਨਕਰ ਜੀ ਨੇ ਲਿਖਿਆ ਹੈ ਕਿ ਜਦੋਂ ਨਾਸ਼ ਆਦਮੀ ’ਤੇ ਛਾ ਜਾਂਦਾ ਹੈ ਤਾਂ ਪਹਿਲਾਂ ਸਮਝ ਮਰ ਜਾਂਦੀ ਹੈ। ਬਾਕੀ ਭਾਜਪਾ ਤਾਂ ਕਦੇ 2 ਸੰਸਦ ਮੈਂਬਰਾਂ ਦੀ ਪਾਰਟੀ ਵੀ ਰਹੀ ਹੈ ਅਤੇ ਅੱਜ ਚੱਪਾ -ਚੱਪਾ ਭਾਜਪਾਮਈ ਹੈ। ਜੋ ਗਏ ਹਨ, ਜਨਤਾ ਉਨ੍ਹਾਂ ਨੂੰ ਠੀਕ ਤਰ੍ਹਾਂ ਪਛਾਣਦੀ ਹੈ। ਉਹੀ ਜਵਾਬ ਵੀ ਦੇਵੇਗੀ।

ਸਪਾ ਮੁਖੀ ਅਖਿਲੇਸ਼ ਯਾਦਵ ਤੇ ਰਾਲੋਦ ਮੁਖੀ ਜਯੰਤ ਚੌਧਰੀ ਦੇ ਇਕੱਠੇ ਮੈਦਾਨ ਵਿਚ ਆਉਣ ਦਾ ਕੀ ਅਸਰ ਪਵੇਗਾ ? ਭਾਜਪਾ ਦਾ ਸਿੱਧਾ ਮੁਕਾਬਲਾ ਸਪਾ ਨਾਲ ਹੈ, ਅਜਿਹਾ ਹੀ ਲੱਗਦਾ ਹੈ। ਤੁਹਾਡਾ ਕੀ ਮੰਨਣਾ ਹੈ ਅਤੇ ਲੜਾਈ ਕਿਹੋ ਜਿਹੀ ਹੋਵੋਗੀ?
ਇਸ ਤਰ੍ਹਾਂ ਦਾ ਬੇਮੇਲ ਗਠਜੋੜ ਕੋਈ ਪਹਿਲੀ ਵਾਰ ਨਹੀਂ ਹੋਇਆ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭੂਆ-ਬਬੂਆ ਵੀ ਇਕੱਠੇ ਆ ਚੁੱਕੇ ਹਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਯੂ. ਪੀ. ਦੇ ਮੁੰਡਿਆਂ’ ਨੂੰ ਵੀ ਵੇਖਿਆ ਜਾ ਚੁੱਕਾ ਹੈ। ਉਸ ਵੇਲੇ ਵੀ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਸਨ। ਸਾਰੇ ਸਮਾਜਿਕ ਸਮੀਕਰਣਾਂ ਦੇ ਹਵਾਲੇ ਨਾਲ ਅਨੇਕਾਂ ਦਾਅਵੇ-ਵਿਸ਼ਲੇਸ਼ਣ ਕੀਤੇ ਗਏ ਸਨ। ਨਤੀਜਾ ਕੀ ਆਇਆ...ਸਿਫ਼ਰ ਅਤੇ ਇਸ ਵਾਰ ਤਾਂ ਰਾਲੋਦ ਹੈ। ਨਤੀਜਾ ਤੁਹਾਨੂੰ ਵੀ ਪਤਾ ਹੈ।

ਕੀ ਵਿਰੋਧੀ ਧਿਰ ਦੀਆਂ ਰੈਲੀਆਂ ’ਤੇ ਅਤੇ ਉਸ ਦੀ ਭੀੜ ’ਤੇ ਤੁਹਾਡੀ ਚੋਣ ਨਜ਼ਰ ਰਹਿੰਦੀ ਹੈ?
ਅੱਵਲ ਤਾਂ ਚੋਣ ਰੈਲੀਆਂ ਇਸ ਵਾਰ ਹੋ ਨਹੀਂ ਰਹੀਆਂ। ਫਿਰ ਵੀ ਜੇਕਰ ਹਾਲ ਹੀ ਦੀਆਂ ਰੈਲੀਆਂ ਦਾ ਸੰਦਰਭ ਲਈਏ ਤਾਂ ਵਾਰਾਣਸੀ, ਸਿਧਾਰਥ ਨਗਰ, ਜ਼ੇਵਰ, ਗੋਰਖਪੁਰ, ਸੁਲਤਾਨਪੁਰ ਆਦਿ ਦੀਆਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਰੈਲੀਆਂ ਹੋਣ ਅਤੇ ਆਜ਼ਮਗੜ੍ਹ, ਲਖਨਊ ਅਤੇ ਹਾਲ ਹੀ ਵਿਚ ਪੱਛਮੀ ਉੱਤਰ ਪ੍ਰਦੇਸ਼ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਸਭਾ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ। ਕਿਸੇ ਇਕ ਦੀ ਵੀ ਉਦਾਹਰਣ ਦਿਓ। ਹਾਂ, ਸਪਾ ਦੀ ਇਕ ‘ਵਰਚੁਅਲ ਰੈਲੀ’ ਜ਼ਰੂਰ ਹੋਈ ਸੀ ਲਖਨਊ ਵਿਚ। ਚੋਣ ਕਮਿਸ਼ਨ ਨੇ ਨੋਟਿਸ ਲਿਆ ਸੀ। ਚਿਤਾਵਨੀ ਵੀ ਮਿਲੀ ਸੀ। ਸਾਨੂੰ ਵਿਰੋਧੀ ਧਿਰ ਦੀਆਂ ਰੈਲੀਆਂ ਵਿਚ ਦਿਲਚਸਪੀ ਨਹੀਂ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਯੂ. ਪੀ. ਦੀ ਜਨਤਾ ਜਾਗਰੂਕ ਹੈ। ਇੱਥੇ ਵੋਟਿੰਗ ਮੁੱਦਿਆਂ ’ਤੇ ਹੁੰਦੀ ਹੈ ਅਤੇ ਮੁੱਦਾ ਹੈ ਕਿਸਾਨ, ਨੌਜਵਾਨਾਂ ਦੀ ਉੱਨਤੀ, ਮਹਿਲਾ ਸਸ਼ਕਤੀਕਰਣ, ਸਿਹਤ ਤੇ ਸਿੱਖਿਆ ਅਤੇ ਕਾਨੂੰਨ-ਵਿਵਸਥਾ। ਇਨ੍ਹਾਂ ਸਾਰੇ ਮਾਪਦੰਡਾਂ ’ਤੇ ਸਾਨੂੰ ਜਨਤਾ ਦਾ ਆਸ਼ੀਰਵਾਦ ਮਿਲਣਾ ਤੈਅ ਹੈ।

ਅਖਿਲੇਸ਼ ਯਾਦਵ ਕਹਿੰਦੇ ਹਨ ਕਿ ਉੱਤਰ ਪ੍ਰਦੇਸ਼ ਵਿਚ ਯੋਗੀ ਰਾਜ ’ਚ ਗੁੰਡਾਰਾਜ ਵਧ ਗਿਆ ਹੈ। ਤੁਸੀਂ ਕੀ ਕਹੋਗੇ?
ਅਖਿਲੇਸ਼ ਜੀ ਅਜੇ 2012-17 ਦੇ ਸਮੇਂ ਵਿਚ ਹੀ ਜੀਅ ਰਹੇ ਹਨ, ਨਹੀਂ ਤਾਂ ਅਜਿਹੀ ਹਾਸੋਹੀਣੀ ਗੱਲ ਨਾ ਕਰਦੇ। 5 ਸਾਲ ਪਹਿਲਾਂ ਜਦੋਂ ਉਹ ਮੁੱਖ ਮੰਤਰੀ ਸਨ, ਉਸ ਵੇਲੇ ਦਾ ਅਤੇ ਹੁਣ 2022 ਦਾ ਉੱਤਰ ਪ੍ਰਦੇਸ਼ ਬਹੁਤ ਬਦਲ ਚੁੱਕਾ ਹੈ। ਕੋਸੀਕਲਾਂ ਤੇ ਜਵਾਹਰ ਬਾਗ ਕਾਂਡ ਨਾਲ ਉਨ੍ਹਾਂ ਨੇ ਸੂਬੇ ਨੂੰ ਦੰਗਿਆਂ ਦੀ ਅੱਗ ਵਿਚ ਸੁੱਟਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਸੀ, ਉਹ ਸਹਾਰਨਪੁਰ ਦੇ ਦੰਗਿਆਂ, ਮੇਰਠ ਦੇ ਕਰਫਿਊ, ਬੁਲੰਦਸ਼ਹਿਰ ਦੀ ਹਿੰਸਾ ਤੋਂ ਹੁੰਦੇ ਹੋਏ ਮੁਜ਼ੱਫਰਨਗਰ ਦੇ ਫਿਰਕੂ ਦੰਗਿਆਂ ਤਕ ਪਹੁੰਚੀ ਸੀ ਅਤੇ ਇਹ ਲੋਕ ਆਪਣੇ ਪੂਰੇ ਖਾਨਦਾਨ ਨਾਲ ਸੈਫਈ ’ਚ ਸੱਭਿਆਚਾਰਕ ਸ਼ਾਮ ਦੀ ਮਦਹੋਸ਼ੀ ਵਿਚ ਡੁੱਬੇ ਹੋਏ ਸਨ। ਹੁਣ ਤਾਂ ਗੁੰਡੇ, ਅਪਰਾਧੀ, ਮਾਫੀਆਵਾਂ ਦਾ ਮੁਆਫੀਨਾਮੇ ਦੀ ਤਖਤੀ ਗਲੇ ਵਿਚ ਲਟਕਾ ਕੇ ਥਾਣਿਆਂ ਵਿਚ ਆਉਣਾ ਆਮ ਗੱਲ ਹੋ ਚੱਲੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਹੁਣ ਕੁਝ ਗਡ਼ਬਡ਼ ਕੀਤੀ ਤਾਂ ਉਸ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਹਰਜਾਨਾ ਭਰਨਗੀਆਂ। ਯੂ. ਪੀ. ਨੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਦਾ ਇਕ ਸਫਲ ਮਾਡਲ ਦਿੱਤਾ ਹੈ। ਸੰਗਠਿਤ ਅਪਰਾਧ ਹੁਣ ਗੁਜ਼ਰੇ ਦਿਨਾਂ ਦੀ ਗੱਲ ਹੋ ਚੱਲੀ ਹੈ। ਅੱਜ ਇੱਥੇ ਬੇਟੀਆਂ ਸੁਰੱਖਿਅਤ ਹਨ, ਔਰਤਾਂ ਦਾ ਸਨਮਾਨ ਹੈ।

ਤੁਸੀਂ ਲੋਕਾਂ ਨੇ ਸਪਾ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਫ਼ੀਤਾ ਕੱਟਿਆ, ਅਖਿਲੇਸ਼ ਯਾਦਵ ਨੇ ਇਹ ਦੋਸ਼ ਲਾਏ ਹਨ, ਤੁਸੀਂ ਕੀ ਕਹੋਗੇ?
ਸਾਡੀ ਸਰਕਾਰ ਦੇ 5 ਸਾਲ ਦੇ ਕਾਰਜਕਾਲ ਵਿਚ ਕਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਗਏ ਅਤੇ ਉਨ੍ਹਾਂ ਦਾ ਉਦਘਾਟਨ ਹੋਇਆ। ਇਸ ਤੋਂ ਇਲਾਵਾ ਕਈ ਅਜਿਹੇ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਗਿਆ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਦੌਰਾਨ ਰੌਲੇ-ਰੱਪੇ ਵਿਚ ਸ਼ੁਰੂ ਤਾਂ ਕੀਤਾ ਗਿਆ ਸੀ ਪਰ ਬਿਨਾਂ ਪੂਰਾ ਕੀਤੇ ਛੱਡ ਦਿੱਤਾ ਗਿਆ ਸੀ। ਇਨ੍ਹਾਂ ਵਿਚ ਸਰਯੂ ਨਹਿਰ ਰਾਸ਼ਟਰੀ ਪ੍ਰਾਜੈਕਟ, ਗੋਰਖਪੁਰ ਸਥਿਤ ਏਮਸ, ਕੁਸ਼ੀਨਗਰ ਕੌਮਾਂਤਰੀ ਹਵਾਈ ਅੱਡਾ ਆਦਿ ਪ੍ਰਮੁੱਖ ਹਨ। ਇਹੀ ਨਹੀਂ, ਗੋਰਖਪੁਰ ਸਥਿਤ ਖਾਦ ਕਾਰਖਾਨਾ ਤਾਂ ਕਈ ਦਹਾਕਿਆਂ ਤੋਂ ਬੰਦ ਪਿਆ ਸੀ ਅਤੇ ਸਾਡੀ ਸਰਕਾਰ ਤੇ ਕੇਂਦਰ ਦੀ ਪਹਿਲ ਨਾਲ ਇਸ ਨੂੰ ਵੱਡੇ ਪੱਧਰ ’ਤੇ ਸ਼ੁਰੂ ਕੀਤਾ ਗਿਆ। ਜਿਨ੍ਹਾਂ ਪ੍ਰਾਜੈਕਟਾਂ ਨੂੰ ਅਸੀਂ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਘੁੰਡ-ਚੁਕਾਈ ਕੀਤੀ, ਉਨ੍ਹਾਂ ਦੀ ਸੂਚੀ ਵਿਚ ਪੂਰਵਾਂਚਲ ਐਕਸਪ੍ਰੈੱਸਵੇਅ, ਕਾਸ਼ੀ ਵਿਸ਼ਵਨਾਥ ਧਾਮ, ਜ਼ਿਲਿਆਂ ਵਿਚ ਮੈਡੀਕਲ ਕਾਲਜ ਆਦਿ ਪ੍ਰਮੁੱਖ ਹਨ। ਅਜਿਹੇ ’ਚ ਇਹ ਦੋਸ਼ ਕਿ ਅਸੀਂ ਕਿਸੇ ਹੋਰ ਦੇ ਕੰਮਾਂ ਦਾ ਫ਼ੀਤਾ ਕੱਟਿਆ ਹੈ, ਇਹ ਬਿਲਕੁਲ ਬੇਬੁਨਿਆਦ ਹੈ।ਪਿਛਲੀ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਤਾਂ ਉਨ੍ਹਾਂ ਦਾ ਫ਼ੀਤਾ ਕੀ ਕੱਟਣਾ?


ਤੁਹਾਡੇ ਅਨੁਸਾਰ ਬਸਪਾ ਤੇ ਕਾਂਗਰਸ ਦੀ ਕੀ ਹਾਲਤ ਰਹੇਗੀ? ਪ੍ਰਿਯੰਕਾ ਗਾਂਧੀ 99 ਫ਼ੀਸਦੀ ਬਨਾਮ 1 ਫ਼ੀਸਦੀ ਦਾ ਮੁਕਾਬਲਾ ਕਹਿ ਰਹੀ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਮੇਰੀ ਇਹ ਸਪਸ਼ਟ ਰਾਏ ਹੈ ਕਿ ਰਾਜਨੀਤੀ ਵਿਚ ਪਰਸੈਪਸ਼ਨ ਦਾ ਬਹੁਤ ਮਹੱਤਵ ਹੈ। ਬਸਪਾ ਤੇ ਕਾਂਗਰਸ ਦੇ ਵਜੂਦ ਬਾਰੇ ਜਨਤਾ ਵਿਚ ਕੀ ਪਰਸੈਪਸ਼ਨ ਹੈ, ਇਹ ਜਾਣਨਾ ਮੁਸ਼ਕਲ ਨਹੀਂ। ਰਹੀ ਗੱਲ ਮੁਕਾਬਲੇ ਦੀ ਤਾਂ ਇਹ ਚੋਣ 80 ਬਨਾਮ 20 ਹੈ। 80 ਫ਼ੀਸਦੀ ਉਹ ਹਨ ਜੋ ਸਾਡੇ ਵਾਂਗ ਗਰੀਬ ਕਲਿਆਣ, ਕਿਸਾਨ, ਮਹਿਲਾ ਸੁਰੱਖਿਆ ਬਾਰੇ ਸੋਚਦੇ ਹਨ ਅਤੇ 20 ਫ਼ੀਸਦੀ ਉਹ ਹਨ ਜੋ ਨਾਂਹਪੱਖੀ ਸੋਚ ਨਾਲ ਵਿਕਾਸ ਤੇ ਸਮਾਜਿਕ ਸੁਹਿਰਦਤਾ ਵਿਚ ਅੜਿੱਕਾ ਹਨ।


DIsha

Content Editor

Related News