ਕਿਸਾਨਾਂ ਦੇ ਹੱਕ ’ਚ ਖੜ੍ਹਿਆ ਹਨੀ ਸਿੰਘ, ਭਾਰਤ ਸਰਕਾਰ ਨੂੰ ਲਾਈ ਗੁਹਾਰ (ਵੀਡੀਓ)
Saturday, Dec 05, 2020 - 11:51 AM (IST)
ਜਲੰਧਰ (ਬਿਊਰੋ)– ਖੇਤੀ ਕਾਨੂੰਨਾਂ ਖਿਲਾਫ ਜਿਥੇ ਆਮ ਲੋਕਾਂ ’ਚ ਰੋਸ ਦੇਖਣ ਨੂੰ ਮਿਲ ਰਿਹਾ ਹੈ, ਉਥੇ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ’ਚ ਖੜ੍ਹੇ ਹੋ ਰਹੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਕਿਸਾਨਾਂ ਦੇ ਮਸਲੇ ਕਲਾਕਾਰ ਲੋਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਜ਼ਮੀਨੀ ਪੱਧਰ ’ਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਦੇਸ਼-ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਤਕ ਪਹੁੰਚਾਇਆ ਜਾਵੇ।
ਹਾਲ ਹੀ ’ਚ ਪੰਜਾਬੀ ਤੇ ਬਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ ਨੇ ਕਿਸਾਨਾਂ ਦੇ ਸਮਰਥਨ ’ਚ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ। ਹਨੀ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘ਮੇਰੀ ਭਾਰਤ ਸਰਕਾਰ ਨੂੰ ਇਕ ਗੁਹਾਰ ਹੈ ਕਿ ਕਿਸਾਨ ਖੇਤ ਛੱਡ ਕੇ ਅੱਜ ਸੜਕਾਂ ’ਤੇ ਬੈਠੇ ਹਨ। ਮੈਂ ਸਿਰਫ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ, ਸਗੋਂ ਪੂਰੇ ਭਾਰਤ ਦੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਦਾ ਹਾਂ। ਭਾਰਤ ਦੇ ਕਿਸਾਨ ਅੱਜ ਸੜਕਾਂ ’ਤੇ ਹਨ ਤੇ ਉਨ੍ਹਾਂ ਦੀ ਭਾਰਤ ਸਰਕਾਰ ਨੂੰ ਗੁਹਾਰ ਹੈ। ਕਿਰਪਾ ਕਰਕੇ ਸਰਕਾਰ ਇਨ੍ਹਾਂ ਦੀ ਗੁਹਾਰ ਸੁਣੇ ਤੇ ਇਸ ਦਾ ਕੁਝ ਹੱਲ ਕੱਢੇ।’
ਦੱਸਣਯੋਗ ਹੈ ਕਿ ਹਨੀ ਸਿੰਘ ਵਲੋਂ ਇਹ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਹੈ, ਜਿਸ ਨੂੰ 5 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਹਨੀ ਸਿੰਘ ਦੀ ਇਸ ਵੀਡੀਓ ’ਤੇ ਪੰਜਾਬੀ ਕਲਾਕਾਰਾਂ ਵਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ।
ਉਥੇ ਹਨੀ ਸਿੰਘ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ’ਚ ਉਸ ਦਾ ਗੀਤ ‘ਫਰਸਟ ਕਿੱਸ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 60 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਯੂਟਿਊਬ ’ਤੇ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ’ਚ ਹਨੀ ਸਿੰਘ ਨਾਲ ਇਪਸਿਤਾ ਨੇ ਫੀਚਰ ਕੀਤਾ ਹੈ।
ਨੋਟ– ਯੋ ਯੋ ਹਨੀ ਸਿੰਘ ਵਲੋਂ ਭਾਰਤ ਸਰਕਾਰ ਨੂੰ ਲਗਾਈ ਗੁਹਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।