ਫਗਵਾੜਾ ''ਚ ਵਿਗੜੇ ਹਾਲਾਤ ਨੂੰ ਲੈ ਕੇ ਨਾਈਟ ਡੋਮੀਨੇਸ਼ਨ ''ਤੇ ਪਿਆ ਭਾਰੀ ਅਸਰ

05/02/2018 4:26:22 AM

ਕਪੂਰਥਲਾ, (ਭੂਸ਼ਣ)- ਫਗਵਾੜਾ ਵਿਖੇ ਬੀਤੇ 20 ਦਿਨਾਂ ਤੋਂ ਚੱਲ ਰਹੇ ਜ਼ਬਰਦਸਤ ਤਣਾਅ ਕਾਰਨ ਜਿੱਥੇ ਪੂਰੇ ਖੇਤਰ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ, ਉਥੇ ਹੀ ਜ਼ਿਲੇ ਨਾਲ ਸਬੰਧਤ ਪੁਲਸ ਟੀਮਾਂ ਦੀ ਫਗਵਾੜਾ ਸ਼ਹਿਰ ਵਿਚ ਨਿਯੁਕਤੀ ਕਾਰਨ ਜ਼ਿਲੇ ਦੇ 16 ਥਾਣਾ ਖੇਤਰਾਂ 'ਚ ਚੱਲ ਰਹੀ ਜੁਰਮ ਵਿਰੋਧੀ ਮੁਹਿੰਮ ਲਗਭਗ ਠੱਪ ਹੋ ਗਈ ਹੈ ਤੇ ਪੁਲਸ ਫੋਰਸ ਦੀ ਭਾਰੀ ਕਮੀ ਕਾਰਨ ਇਸ ਦਾ ਅਸਰ ਜ਼ਿਲਾ ਪੁਲਸ ਵੱਲੋਂ ਚਲਾਈ ਜਾ ਰਹੀ ਨਾਈਟ ਡੋਮੀਨੇਸ਼ਨ ਮੁਹਿੰਮ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।  'ਜਗ ਬਾਣੀ' ਟੀਮ ਨੇ ਬੀਤੀ ਦੇਰ ਰਾਤ ਤੱਕ ਕਪੂਰਥਲਾ ਸ਼ਹਿਰ ਸਮੇਤ ਹੋਰ ਮੁੱਖ ਹਾਈਵੇ ਦਾ ਦੌਰਾ ਕੀਤਾ ਤਾਂ ਇਕ-ਦੋ ਥਾਵਾਂ ਨੂੰ ਛੱਡ ਕੇ ਵਧੇਰੇ ਪੁਆਇੰਟਾਂ 'ਤੇ ਪੁਲਸ ਟੀਮਾਂ ਕਿਤੇ ਵੀ ਚੈਕਿੰਗ ਕਰਦੀਆਂ ਨਜ਼ਰ ਨਹੀਂ ਆਈਆਂ ।  
PunjabKesari
ਪੁਲਸ ਟੀਮਾਂ ਤੋਂ ਸੱਖਣੇ ਨਜ਼ਰ ਆਏ ਨਾਜ਼ੁਕ ਖੇਤਰ
ਟੀਮ ਨੇ ਸੋਮਵਾਰ ਦੇਰ ਰਾਤ ਕਰੀਬ 1 ਵਜੇ ਤੱਕ ਜ਼ਿਲੇ ਦੇ ਕਈ ਮੁੱਖ ਹਾਈਵੇ ਅਤੇ ਨਾਜ਼ੁਕ ਪੁਆਇੰਟਾਂ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਕੁਝ ਥਾਵਾਂ 'ਤੇ ਹੀ ਪੁਲਸ ਟੀਮਾਂ ਤਾਇਨਾਤ ਮਿਲੀਆਂ। ਸ਼ਹਿਰ ਦੇ ਡੀ. ਸੀ. ਚੌਕ, ਮਾਲ ਰੋਡ ਖੇਤਰ ਵਿਚ ਪੁਲਸ ਕਰਮਚਾਰੀ ਘੁੰਮਦੇ ਨਜ਼ਰ ਆਏ ਪਰ ਜਲੰਧਰ ਮਾਰਗ, ਸੁਲਤਾਨਪੁਰ ਲੋਧੀ ਮਾਰਗ, ਕਰਤਾਰਪੁਰ ਮਾਰਗ, ਕਾਂਜਲੀ ਮਾਰਗ, ਫੱਤੂਢੀਂਗਾ ਮਾਰਗ, ਨਕੋਦਰ ਮਾਰਗ ਤੇ ਹੋਰ ਪੁਆਇੰਟਾਂ 'ਤੇ ਪੁਲਸ ਟੀਮਾਂ ਚੈਕਿੰਗ ਕਰਦੀਆਂ ਨਜ਼ਰ ਨਹੀਂ ਆਈਆਂ। ਇਥੋਂ ਤੱਕ ਕਿ ਇਥੇ ਲੱਗੇ ਬੇਰਿੰਗ ਗੇਟਾਂ 'ਤੇ ਵੀ ਪੁਲਸ ਕਰਮਚਾਰੀ ਤਾਇਨਾਤ ਨਜ਼ਰ ਨਹੀਂ ਆਏ। ਇਹ ਪੁਆਇੰਟ ਕਾਫ਼ੀ ਨਾਜ਼ੁਕ ਮੰਨੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਜ਼ਿਲੇ ਨਾਲ ਸਬੰਧਤ ਸਾਰੇ ਚਾਰ ਸਬ ਡਵੀਜ਼ਨਾਂ ਦੇ ਵਧੇਰੇ ਪੁਲਸ ਕਰਮਚਾਰੀ ਅਤੇ ਅਫਸਰ ਬੀਤੇ 20 ਦਿਨਾਂ ਤੋਂ ਫਗਵਾੜਾ ਵਿਚ ਤਾਇਨਾਤ ਹਨ, ਜਿਸ ਦਾ ਸਿੱਧਾ ਅਸਰ ਜ਼ਿਲਾ ਪੁਲਸ ਵੱਲੋਂ ਚਲਾਈ ਜਾ ਰਹੀ ਨਾਈਟ ਡੋਮੀਨੇਸ਼ਨ ਤੇ ਜੁਰਮ ਵਿਰੋਧੀ ਮੁਹਿੰਮ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਕ ਅਫਸਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਫਗਵਾੜਾ 'ਚ ਵਿਗੜੇ ਹਾਲਾਤ ਨੇ ਜ਼ਿਲਾ ਪੁਲਸ ਦੇ ਕੰਮ 'ਤੇ ਕਾਫ਼ੀ ਅਸਰ ਪਾਇਆ ਹੈ। ਹੁਣ ਫਗਵਾੜਾ ਦੇ ਹਾਲਾਤ ਨਾਰਮਲ ਹੋਣ 'ਤੇ ਹੀ ਜੁਰਮ ਵਿਰੋਧੀ ਮੁਹਿੰਮ ਨਾਲ ਨਾਈਟ ਡੋਮੀਨੇਸ਼ਨ ਮੁਹਿੰਮ ਤੇਜ਼ ਹੋ ਸਕੇਗੀ।  
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ਵਿਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਨਾਈਟ ਡੋਮੀਨੇਸ਼ਨ ਮੁਹਿੰਮ ਨੂੰ ਚਲਾਉਣ ਲਈ ਵੱਖ ਤੋਂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਹੁਣ ਨਾਈਟ ਡੋਮੇਨੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। 


Related News