ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਚਿੰਤਾ ਭਰੀ ਖ਼ਬਰ, ਬਚੇ ਸਿਰਫ 3 ਦਿਨ
Wednesday, Feb 26, 2025 - 10:22 AM (IST)

ਡੇਰਾਬੱਸੀ (ਵਿਕਰਮਜੀਤ) : ਪੰਜਾਬ ਸਰਕਾਰ ਵੱਲੋਂ 500 ਵਰਗ ਗਜ਼ ਤੱਕ ਦੇ ਪਲਾਟਾਂ 'ਤੇ ਬਿਨਾਂ ਐੱਨ. ਓ. ਸੀ. ਰਜਿਸਟਰੀ ਸਕੀਮ ਦੇ ਤਹਿਤ ਨਾਜਾਇਜ਼ ਕਲੋਨੀਆਂ ’ਚ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਖ਼ਰੀ ਮਿਤੀ 28 ਫਰਵਰੀ ਰੱਖੀ ਗਈ ਹੈ। ਨਿਰਧਾਰਿਤ ਤਾਰੀਖ਼ ਨੂੰ 3 ਦਿਨ ਰਹਿਣ ਕਾਰਨ ਡੇਰਾਬੱਸੀ ਤਹਿਸੀਲ ’ਚ ਰਜਿਸਟਰੀ ਕਰਵਾਉਣ ਲਈ ਲੋਕਾਂ ਦਾ ਹਜ਼ੂਮ ਲੱਗਿਆ ਹੋਇਆ ਹੈ ਅਤੇ ਆਨਲਾਈਨ ਸਮਾਂ ਲੈਣ ਵਾਲੇ 153 ਸਲਾਟ 28 ਫਰਵਰੀ ਤੱਕ ਭਰ ਗਏ ਹਨ। ਇਸ ਕਾਰਨ ਲੋਕਾਂ ’ਚ ਹੁਣ 28 ਫਰਵਰੀ ਤੱਕ ਸਮਾਂ ਨਾ ਮਿਲਣ ਕਰਕੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਰਜਿਸਟਰੀ ਕਰਵਾਉਣ ਲਈ ਸਮਾਂ ਹੋਰ ਵਧਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਲਈ ਵੱਡਾ ਐਲਾਨ, ਵਿਧਾਨ ਸਭਾ 'ਚ ਵੱਜੀਆਂ ਤਾੜੀਆਂ
ਜਾਣਕਾਰੀ ਅਨੁਸਾਰ ਹਲਕਾ ਡੇਰਾਬੱਸੀ ’ਚ ਕਾਲੋਨਾਈਜ਼ਰਾਂ ਵੱਲੋਂ ਖੇਤਾਂ ’ਚ ਨਾਜਾਇਜ਼ ਕਾਲੋਨੀਆਂ ਬਿਨਾ ਕਿਸੇ ਮਨਜ਼ੂਰੀ ਤੋਂ ਕੱਟੀਆਂ ਹੋਈਆਂ ਹਨ। ਇਸ ਕਰ ਕੇ ਸਰਕਾਰ ਤੇ ਲੋਕਾਂ ਨੂੰ ਕਲੋਨਾਈਜ਼ਰਾਂ ਵੱਲੋਂ ਕਰੋੜਾਂ ਦਾ ਚੂਨਾ ਲਗਾਇਆ ਗਿਆ ਸੀ, ਜਿਸ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਭਗਵੰਤ ਮਾਨ ਸਰਕਾਰ ਨੇ ਰਜਿਸਟਰੀਆਂ ਕਰਵਾਉਣ ਲਈ ਐੱਨ. ਓ. ਸੀ. ਦੀ ਸ਼ਰਤ ਲਗਾਈ ਸੀ ਅਤੇ ਨਾਜਾਇਜ਼ ਕਾਲੋਨੀਆ ’ਚ ਪਲਾਟ ਦੀਆਂ ਰਜਿਸਟਰੀਆਂ ’ਤੇ ਰੋਕ ਲਾ ਦਿੱਤੀ ਗਈ ਸੀ। ਕਾਲੋਨਾਈਜ਼ਰਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਮੰਗ ’ਤੇ ਸਰਕਾਰ ਨੇ 500 ਵਰਗ ਗਜ਼ ਤੱਕ ਦੇ ਪਲਾਟ ਅਤੇ ਨਾਜਾਇਜ਼ ਕਾਲੋਨੀਆਂ ’ਚ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਖ਼ਰੀ ਮਿਤੀ 28 ਫਰਵਰੀ ਰੱਖੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਕਾਮਿਆਂ ਨਾਲ ਜੁੜੀ ਵੱਡੀ ਖ਼ਬਰ, ਵਿਧਾਨ ਸਭਾ 'ਚ ਦਿੱਤੀ ਗਈ ਡਿਟੇਲ
ਜਾਣਕਾਰੀ ਅਨੁਸਾਰ ਡੇਰਾਬੱਸੀ ਤਹਿਸੀਲ ’ਚ 150 ਸਲਾਟ ਹਨ ਅਤੇ 3 ਸਲਾਟ ਤਤਕਾਲ ਲਈ ਹਨ, ਜਿਨ੍ਹਾਂ ਦੀ ਫ਼ੀਸ 5000 ਹਜ਼ਾਰ ਹੈ, ਜੋ 28 ਫਰਵਰੀ ਤੱਕ ਫੁਲ ਹਨ। ਜਦੋਂ ਕਿ ਹਾਲੇ ਵੀ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਵੱਲੋਂ ਆਪਣੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣੀਆਂ ਹਨ। ਸਥਾਨਕ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਹ ਇਸ ਦਾ ਸਮਾਂ ਵਧਾਉਣ ਤਾਂ ਜੋ ਲੋਕ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਨਿਵੇਸ਼ ਕਰ ਕੇ ਲਏ ਗਏ ਪਲਾਟ ਆਪਣੇ ਨਾਂ ਕਰਵਾ ਸਕਣ ਅਤੇ ਭਵਿੱਖ ’ਚ ਕਾਲੋਨਾਈਜ਼ਰਾ ਵੱਲੋਂ ਨਾਜਾਇਜ਼ ਕਾਲੋਨੀਆਂ ਕੱਟਣ 'ਤੇ ਪੂਰਨ ਤੌਰ ’ਤੇ ਰੋਕ ਲਗਾਈ ਜਾਵੇ। ਇਸ ਬਾਬਤ ਗੱਲ ਕਰਨ ’ਤੇ ਤਹਿਸੀਲਦਾਰ ਡੇਰਾਬੱਸੀ ਬਿਰਕਰਨ ਸਿੰਘ ਨੇ ਕਿਹਾ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8