ਵਿਸ਼ਵ ਸਪੈਰੋ ਡੇਅ : ਘਰ, ਵਿਹੜੇ ਤੋਂ ਲੈ ਕੇ ਖੇਤਾਂ ’ਚੋਂ ਵੀ ਗਾਇਬ ਹੋਈਆਂ ਚਿੜੀਆਂ

Friday, Mar 20, 2020 - 12:59 PM (IST)

ਵਿਸ਼ਵ ਸਪੈਰੋ ਡੇਅ : ਘਰ, ਵਿਹੜੇ ਤੋਂ ਲੈ ਕੇ ਖੇਤਾਂ ’ਚੋਂ ਵੀ ਗਾਇਬ ਹੋਈਆਂ ਚਿੜੀਆਂ

ਬਠਿੰਡਾ (ਆਜ਼ਾਦ) - ਘਰ ਦੇ ਵਿਹੜੇ ਦੀ ਸ਼ਾਨ ਕਹੀਆਂ ਜਾਣ ਵਾਲੀਆਂ ਚਿੜੀਆਂ ਦੀ ਚੈਂ-ਚੈਂ ਪਤਾ ਨਹੀਂ ਹੁਣ ਕਿੱਥੇ ਗੁੰਮ ਹੋ ਗਈ ਹੈ। ਚਿੜੀਆਂ ਹੀ ਨਹੀਂ ਸਗੋਂ ਹੁਣ ਤਾਂ ਆਸਮਾਨ ’ਚੋਂ ਤੋਤੇ, ਕਬੂਤਰ, ਕੋਇਲ ਆਦਿ ਵੀ ਪਤਾ ਨਹੀਂ ਕਿਥੇ ਗਾਇਬ ਹੋ ਗਏ ਹਨ, ਜੋ ਸ਼ਾਮ ਵੇਲੇ ਪਰਿੰਦੇ ਆਲ੍ਹਣੇ ’ਚ ਪਰਤਦੇ ਸਮੇਂ ਆਸਮਾਨ ’ਚ ਦਿਖਾਈ ਦਿੰਦੇ ਸਨ। ਇਨ੍ਹਾਂ ਘਰੇਲੂ ਪੰਛੀਆਂ ਦੇ ਘਰ ’ਚ ਆਉਣ ਨੂੰ ਸ਼ੁੱਭ ਮੰਨਣ ਵਾਲੇ ਲੋਕ ਹੁਣ ਉਸ ਤੋਂ ਖੁਦ ਹੀ ਦੂਰੀ ਬਣਾਉਂਦੇ ਨਜ਼ਰ ਆ ਰਹੇ ਹਨ। ਪੰਛੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲੇ ’ਚੋਂ ਵੀ ਗਾਇਬ ਹੋ ਗਈਆਂ ਹਨ ਚਿੜੀਆਂ। ਜੇਕਰ ਸਮਾਂ ਰਹਿੰਦੇ ਪੰਛੀਆਂ ਦੀ ਸੁਰੱਖਿਆ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਕਬੂਤਰ, ਕਾਂ ਅਤੇ ਤੋਤੇ ਵੀ ਗਾਇਬ ਹੋ ਜਾਣਗੇ। ਜੋ ਆਉਣ ਵਾਲੇ ਸਮੇਂ ’ਚ ਵਾਤਾਵਰਣ ਲਈ ਹਾਨੀਕਾਰਕ ਹੋ ਸਕਦਾ ਹੈ।

ਕਿਉਂ ਮਨਾਇਆ ਜਾਂਦਾ ਹੈ ‘ਵਰਲਡ ਸਪੈਰੋ ਡੇਅ’
ਚਿੜੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰੇ ਵਿਸ਼ਵ ’ਚ ਹਰ ਸਾਲ 20 ਮਾਰਚ ਨੂੰ ‘ਵਰਲਡ ਸਪੈਰੋ ਡੇਅ’ ਮਨਾਇਆ ਜਾਂਦਾ ਹੈ। ਲਗਾਤਾਰ ਘਟ ਰਹੀਆਂ ਚਿੜੀਆਂ ਦੀ ਸੰਖਿਆ ’ਤੇ ਜੇਕਰ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਚਿੜੀਆਂ ਹਮੇਸ਼ਾ ਲਈ ਦੂਰ ਚਲੀਆਂ ਜਾਣਗੀਆਂ। ਵਿਸ਼ਵ ਭਰ ’ਚ ਚਿੜੀਆਂ ਦੀਆਂ 26 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ’ਚੋਂ 5 ਭਾਰਤ ’ਚ ਦੇਖਣ ਨੂੰ ਮਿਲਦੀਆਂ ਹਨ। ਦੇਸ਼ ’ਚ ਮੌਜੂਦ ਪੰਛੀਆਂ ਦੀਆਂ 1200 ਪ੍ਰਜਾਤੀਆਂ ’ਚੋਂ 87 ਸੰਕਟਗ੍ਰਸਤ ਦੀ ਸੂਚੀ ’ਚ ਸ਼ਾਮਲ ਹਨ। ਇਹ ਨੇਚਰ ਫੋਰਐਵਰ ਸੋਸਾਇਟੀ ਅਤੇ ਇਕੋ-ਸਿਸ ਐਕਸ਼ਨ ਫਾਊਂਡੇਸ਼ਨ ਦੀਆਂ ਮਿਲੀਆਂ-ਜੁਲੀਆਂ ਕੋਸ਼ਿਸ਼ਾਂ ਨਾਲ ਮਨਾਇਆ ਜਾਂਦਾ ਹੈ।

PunjabKesari

ਲੁਪਤ ਹੋਣ ਦੀ ਕਗਾਰ ’ਤੇ ਚਿੜੀਆਂ
ਚਿੜੀਆਂ ਦੇ ਜੀਵਨ ਸੰਕਟ ਨੂੰ ਦੇਖਦੇ ਹੋਏ ਸਾਲ 2012 ’ਚ ਉਸ ਨੂੰ ਦਿੱਲੀ ਦੇ ਰਾਜ ਪੰਛੀ ਦਾ ਦਰਜਾ ਵੀ ਦਿੱਤਾ ਗਿਆ ਹੈ। ਇਸ ਦੇ ਲੁਪਤ ਹੋਣ ਦੀ ਵਜ੍ਹਾ ਇਹ ਹੈ ਕਿ ਚਿੜੀਆਂ ਦੇ ਬੱਚਿਆਂ ਦਾ ਭੋਜਨ ਸ਼ੁਰੂਆਤੀ 10-15 ਦਿਨਾਂ ’ਚ ਸਿਰਫ ਕੀੜੇ-ਮਕੌੜੇ ਹੀ ਹੁੰਦੇ ਹਨ। ਅੱਜ-ਕੱਲ ਲੋਕ ਖੇਤਾਂ ਤੋਂ ਲੈ ਕੇ ਆਪਣੇ ਗਮਲੇ ਦੇ ਪੌਦਿਆਂ ’ਚ ਵੀ ਰਸਾਇਣਿਕ ਪਦਾਰਥਾਂ ਦਾ ਉਪਯੋਗ ਕਰਦੇ ਹਨ, ਜਿਸ ਨਾਲ ਨਾ ਤਾਂ ਪੌਦੇ ਨੂੰ ਕੀੜੇ ਲੱਗਦੇ ਹਨ ਅਤੇ ਨਾ ਹੀ ਇਸ ਪੰਛੀ ਦਾ ਸਮੁੱਚਾ ਭੋਜਨ ਪਨਪਦਾ ਹੈ। ਇਸ ਲਈ ਚਿੜੀਆਂ ਸਮੇਤ ਦੁਨੀਆ ਭਰ ਦੇ ਹਜ਼ਾਰਾਂ ਪੰਛੀ ਅੱਜ ਜਾਂ ਤਾਂ ਲੁਪਤ ਹੋ ਚੁੱਕੇ ਹਨ ਜਾਂ ਫਿਰ ਕਿਸੇ ਕੋਨੇ ’ਚ ਆਪਣੀ ਆਖਰੀ ਸਾਹ ਲੈ ਰਹੇ ਹਨ।

ਇੰਝ ਬਚਾਅ ਸਕਦੇ ਹਨ ਚਿੜੀਆਂ
ਜੇਕਰ ਚਿੜੀਆਂ ਤੁਹਾਡੇ ਘਰ ’ਚ ਆਲ੍ਹਣਾ ਬਣਾਉਣ ਤਾਂ ਬਣਾਉਣ ਦਿਉ। ਰੋਜ਼ਾਨਾ ਆਪਣੇ ਵਿਹੜੇ, ਖਿਡ਼ਕੀ, ਬਾਹਰੀ ਦੀਵਾਰਾਂ ’ਤੇ ਉਨ੍ਹਾਂ ਲਈ ਦਾਣਾ-ਪਾਣੀ ਰੱਖੋ। ਗਰਮੀਆਂ ’ਚ ਚਿੜੀਆਂ ਲਈ ਪਾਣੀ ਰੱਖੋ, ਬੂਟਾਂ ਦੇ ਡੱਬੇ, ਪਲਾਸਟਿਕ ਦੀਆਂ ਵੱਡੀਆਂ ਬੋਤਲਾਂ ਅਤੇ ਮਟਕੀਆਂ ਆਦਿ ਰੱਖ ਕੇ ਇਨ੍ਹਾਂ ਦਾ ਘਰ ਬਣਾ ਕੇ ਉਨ੍ਹਾਂ ਨੂੰ ਉਚਿਤ ਜਗ੍ਹਾ ’ਤੇ ਲਾਓ। ਪ੍ਰਜਨਨ ਵੇਲੇ ਉਨ੍ਹਾਂ ਦੇ ਅੰਡਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ।

PunjabKesari

‘ਵਰਲਡ ਸਪੈਰੋ ਡੇਅ’ ਮਨਾਉਣ ਦੀ ਇੰਝ ਹੋਈ ਸ਼ੁਰੂਆਤ
ਨਾਸਿਕ ਵਾਸੀ ਮੁਹੰਮਦ ਦਿਲਾਵਰ ਨੇ ਘਰੇਲੂ ਪੰਛੀਆਂ ਦੀ ਸੁਰੱਖਿਆ ਲਈ ਨੇਚਰ ਫੋਰਐਵਰ ਸੋਸਾਇਟੀ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਦੇ ਇਸ ਕੰਮ ਨੂੰ ਦੇਖਦੇ ਹੋਏ ਟਾਈਮ ਨੇ 2008 ’ਚ ਇਸ ਨੂੰ ਹਿਰੋਜ਼ ਆਫ ਦਿ ਇਨਵਾਇਰਮੈਂਟ ਨਾਂ ਦਿੱਤਾ ਸੀ। ਵਿਸ਼ਵ ਚਿੜੀਆਂ ਦਿਵਸ ਮਨਾਉਣ ਦੀ ਯੋਜਨਾ ਵੀ ਇਨ੍ਹਾਂ ਦੇ ਦਫਤਰ ’ਚ ਇਕ ਆਮ ਚਰਚਾ ਦੌਰਾਨ ਬਣੀ ਸੀ। ਵਾਤਾਵਰਣ ਦੀ ਸੁਰੱਖਿਆ ਅਤੇ ਇਸ ਕੰਮ ’ਚ ਮਦਦ ਦੀ ਸ਼ਲਾਘਾ ਕਰਨ ਲਈ ਐੱਨ. ਐੱਫ. ਐੱਸ. ਨੇ 20 ਮਾਰਚ 2011 ’ਚ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਚਿੜੀਆਂ ਪੁਰਸਕਾਰ ਦੀ ਸ਼ੁਰੂਆਤ ਕੀਤੀ ਸੀ।

ਚਿੜੀਆਂ ਗੁੰਮ ਹੋਣ ਦੀ ਇਹ ਹੈ ਵਜ੍ਹਾ
. ਭੋਜਨ ਅਤੇ ਪਾਣੀ ਦੀ ਘਾਟ।
. ਆਲ੍ਹਣਿਆਂ ਲਈ ਉਚਿਤ ਜਗ੍ਹਾ ਦੀ ਘਾਟ।
. ਤੇਜ਼ੀ ਨਾਲ ਕੱਟਦੇ ਦਰੱਖਤ।
. ਅਨਾਜ ’ਚ ਕੀਟਨਾਸ਼ਕ ਦਾ ਇਸਤੇਮਾਲ।
. ਟਾਵਰਾਂ ’ਚੋਂ ਨਿਕਲਣ ਵਾਲੀਆਂ ਤਰੰਗਾਂ।


author

rajwinder kaur

Content Editor

Related News