ਵਿਸ਼ਵ ਦੇ ਸਰਵੋਤਮ 2 ਫੀਸਦੀ ਵਿਗਿਆਨੀਆਂ ’ਚ GNDU ਅੰਮ੍ਰਿਤਸਰ ਦੇ 13 ਵਿਗਿਆਨੀਆਂ ਦੇ ਨਾਂ ਸ਼ਾਮਲ

Thursday, Nov 11, 2021 - 11:27 AM (IST)

ਵਿਸ਼ਵ ਦੇ ਸਰਵੋਤਮ 2 ਫੀਸਦੀ ਵਿਗਿਆਨੀਆਂ ’ਚ GNDU ਅੰਮ੍ਰਿਤਸਰ ਦੇ 13 ਵਿਗਿਆਨੀਆਂ ਦੇ ਨਾਂ ਸ਼ਾਮਲ

ਅੰਮ੍ਰਿਤਸਰ (ਸੰਜੀਵ) - ਸਟੈਨਫੋਰਡ ਯੂਨੀਵਰਸਿਟੀ ਨੇ ਪਬਲਿਸ਼ਿੰਗ ਹਾਊਸ ਐਲਸੇਵੀਅਰ ਅਤੇ ਸਾਇਟੈੱਕ ਸਟ੍ਰੈਟਿਜੀਜ਼ ਨਾਲ ਮਿਲ ਕੇ 2021 ਵਿਚ ਵਿਸ਼ਵ ਦੇ ਸਰਵੋਤਮ ਵਿਗਿਆਨੀਆਂ ਦੀ 2 ਫੀਸਦੀ ਰੈਂਕਿੰਗ ਬਣਾਈ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਗਭਗ 13 ਵਿਗਿਆਨੀ ਇਨ੍ਹਾਂ ਆਲਾ ਦਰਜੇ ਵਿਗਿਆਨੀਆਂ ਵਿਚ ਸ਼ਾਮਲ ਹਨ। ਇਹ ਸਿਖਰ 2 ਫੀਸਦੀ ਸੂਚੀ ਵਿਚ ਦੁਨੀਆ ਭਰ ਦੇ ਵਿਗਿਆਨੀਆਂ ਦੇ ਨਾਂ (ਸਮੁੱਚੀ ਅਤੇ ਵਿਸ਼ੇ ਅਨੁਸਾਰ ਦਰਜਾਬੰਦੀ) ਸ਼ਾਮਲ ਹਨ, ਜਿਨ੍ਹਾਂ ਦੇ ਪ੍ਰਕਾਸ਼ਨਾਂ ਨੂੰ ਅਕਸਰ ਦੂਜੇ ਲੇਖਕਾਂ ਦੁਆਰਾ ਮਾਪਦੰਡਾਂ ਵਿੱਚੋਂ ਵਧੀਆ ਦਰਸਾਇਆ ਜਾਂਦਾ ਹੈ। ਇਸ ਸੂਚੀ ਵਿਚ ਦੁਨੀਆ ਭਰ ਦੇ ਲਗਭਗ 1,90,000 ਵਿਗਿਆਨੀ ਸ਼ਾਮਲ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਗਿਆਨੀ, ਡਾ. ਨਰਪਿੰਦਰ ਸਿੰਘ, ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਨੇ ਆਪਣੀ ਖੋਜ ਸਦਕਾ ਵਿਸ਼ਵ ਦੇ 6373 ਸ਼ਿਖਰ ਦੇ ਵਿਗਿਆਨੀਆਂ ਵਿਚ ਸ਼ਾਮਲ ਹੋ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਹਾਲ ਹੀ ਵਿਚ ਭਾਰਤੀ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਨੇ ਅਕਤੂਬਰ 26, 2021 ਵਿਚ ਉਨ੍ਹਾਂ ਨੂੰ ਖੇਤੀਬਾੜੀ ਵਿਗਿਆਨੀ ਪ੍ਰੋਫ਼ੈਸਰ ਕ੍ਰਿਸ਼ਨਾ ਸਹਾਇ ਬਿਲਗਰਾਮੀ ਮੈਮੋਰੀਅਲ ਮੈਡਲ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਡਾ. ਸਿੰਘ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਚ ਆਪਣੀ ਖੋਜ ਲਈ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਹਨ ਅਤੇ ਉਨ੍ਹਾਂ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਰਫੀ ਅਹਮਦ ਕਿਦਵਈ ਐਵਾਰਡ ਵੀ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤਾ ਗਿਆ ਹੈ। 
ਇਸੇ ਤਰ੍ਹਾਂ ਜੇਸੀਬੋਜ਼ ਨੈਸ਼ਨਲ ਫੈਲੋਸ਼ਿਪ ਵਰਗੇ ਕਈ ਰਾਸ਼ਟਰੀ ਪੁਰਸਕਾਰ ਵੀ ਉਨ੍ਹਾਂ ਪ੍ਰਾਪਤ ਕੀਤੇ ਹਨ। ਉਹ ਸੀਰੀਅਲਜ਼ (ਖਾਣ ਵਾਲੀ ਵਸਤੂ) ਐਂਡ ਗ੍ਰੇਨ (ਦਾਣੇ) ਐਸੋਸੀਏਸ਼ਨ (ਸਾਬਕਾ ਐਸੋਸੀਏਸ਼ਨ ਆਫ਼ ਸੀਰੀਅਲ ਕੈਮਿਸਟ ਇੰਟਰਨੈਸ਼ਨਲ), ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼, ਇੰਡੀਆ, ਐਸੋਸੀਏਸ਼ਨ ਆਫ਼ ਫੂਡ ਸਾਇੰਟਿਸਟ ਅਤੇ ਟੈਕਨਾਲੋਜਿਸਟ ਇੰਡੀਆ ਦੇ ਵੀ ਫੈਲੋ ਹਨ ।

ਭਾਰਤ ਦੇ ਸਾਰੇ ਵਿਗਿਆਨੀਆਂ ਸਮੇਤ ਡਾ. ਸਿੰਘ ਦੀ ਸਮੁੱਚੀ ਦਰਜਾਬੰਦੀ ਵਿਸ਼ਵ ਦੀ 2 ਫੀਸਦੀ ਸੂਚੀ ਵਿਚ ਦਰਜਾਬੰਦੀ ਵਾਲੇ 3352 ਭਾਰਤੀ ਵਿਗਿਆਨੀਆਂ ਵਿੱਚੋਂ 32 ਹੈ। ਇਸੇ ਤਰ੍ਹਾਂ 87 ਭਾਰਤੀ ਵਿਗਿਆਨੀਆਂ ਵਿੱਚੋਂ ਡਾ. ਸਿੰਘ ਖੇਤੀਬਾੜੀ ਖੇਤਰ ਵਿਚ ਵੀ ਪਹਿਲੇ ਸਥਾਨ ’ਤੇ ਹਨ, ਜਦਕਿ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ, ਜੀ. ਐੱਨ. ਡੀ. ਯੂ. ਦੇ ਡਾ. ਅੰਮ੍ਰਿਤਪਾਲ ਕੌਰ ਅਤੇ ਡਾ. ਮਨਿੰਦਰ ਕੌਰ ਦੋਵੇਂ 25ਵੇਂ ਅਤੇ 44ਵੇਂ ਸਥਾਨ ’ਤੇ ਹਨ। ਡਾ. ਵੰਦਨਾ ਭੱਲਾ, ਕੈਮਿਸਟਰੀ ਵਿਭਾਗ ਅਤੇ ਡਾ. ਅੰਮ੍ਰਿਤਪਾਲ ਕੌਰ, ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੀ ਵਿਸ਼ਵ ਰੈਂਕਿੰਗ ਕ੍ਰਮਵਾਰ 78,810 ਅਤੇ 80,757 ਹੈ।

ਸੂਚੀ ਵਿਚ ਹੋਰ ਵਿਗਿਆਨੀ ਡਾ. ਜਤਿੰਦਰ ਕੁਮਾਰ (1,20,479), ਡਾ. ਮਨਿੰਦਰ ਕੌਰ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ (1,23,644), ਡਾ. ਰੇਣੂ ਭਾਰਦਵਾਜ, ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ (1,23,769), ਡਾ. ਮਨੋਜ ਕੁਮਾਰ, ਕੈਮਿਸਟਰੀ ਵਿਭਾਗ (1,27,989), ਡਾ. ਦਲਜੀਤ ਸਿੰਘ ਅਰੋੜਾ (ਸੇਵਾਮੁਕਤ ਪ੍ਰੋ.), ਮਾਈਕਰੋਬਾਇਓਲੋਜੀ ਵਿਭਾਗ (1,93,120), ਡਾ. ਸੁਖਲੀਨ ਬਿੰਦਰਾ ਨਾਰੰਗ (ਆਨਰੇਰੀ ਪ੍ਰੋ.), ਇਲੈਕਟ੍ਰੋਨਿਕਸ ਤਕਨਾਲੋਜੀ ਵਿਭਾਗ, (2,22,529), ਡਾ. ਸੁਭੀਤ ਕੁਮਾਰ ਜੈਨ, ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ (2,46,917), ਡਾ. ਪ੍ਰਭਪ੍ਰੀਤ ਸਿੰਘ (2,60,865), ਡਾ. ਟੀ. ਐੱਸ. ਲੋਬਨਾ, (ਸੇਵਾਮੁਕਤ ਪ੍ਰੋ.) ਕੈਮਿਸਟਰੀ ਵਿਭਾਗ (2,87,118) ਅਤੇ ਡਾ. ਪਲਵਿੰਦਰ ਸਿੰਘ, ਰਸਾਇਣ ਵਿਗਿਆਨ ਵਿਭਾਗ (3,32,473) ਰੈਂਕਿੰਗ ’ਤੇ ਹਨ।


author

Rahul Singh

Content Editor

Related News