PGI ’ਚ ਦੁਨੀਆ ਦੀ ਵਿਲੱਖਣ ਸਰਜਰੀ, 2 ਸਾਲਾ ਬੱਚੇ ਦੇ ਦਿਮਾਗ ’ਚੋਂ ਕੱਢਿਆ 7 ਇੰਚ ਲੰਬਾ ਟਿਊਮਰ

Friday, Jan 16, 2026 - 01:44 PM (IST)

PGI ’ਚ ਦੁਨੀਆ ਦੀ ਵਿਲੱਖਣ ਸਰਜਰੀ, 2 ਸਾਲਾ ਬੱਚੇ ਦੇ ਦਿਮਾਗ ’ਚੋਂ ਕੱਢਿਆ 7 ਇੰਚ ਲੰਬਾ ਟਿਊਮਰ

ਚੰਡੀਗੜ੍ਹ (ਅਧੀਰ ਰੋਹਾਲ) : ਦੁਨੀਆ ’ਚ ਪਹਿਲੀ ਵਾਰ ਪੀ. ਜੀ. ਆਈ. ਦੇ ਦੋ ਵਿਭਾਗਾਂ ਦੇ ਡਾਕਟਰਾਂ ਦੀ ਟੀਮ ਨੇ ਸਭ ਤੋਂ ਵੱਡੇ ਮੇਨਿਨਜਿਓ ਟਿਊਮਰ ਦੀ ਐਂਡੋਸਕੋਪੀ ਜ਼ਰੀਏ ਸਫ਼ਲ ਸਰਜਰੀ ਕੀਤੀ। ਮੇਨਿਨਜਿਓ ਦੁਨੀਆ ਦੇ ਬਹੁਤ ਹੀ ਘੱਟ ਮਰੀਜ਼ਾਂ ਦੇ ਸਿਰ ਦੇ ਹੇਠਲੇ ਹਿੱਸੇ ’ਚ ਬਣਨ ਵਾਲਾ ਦੁਰਲੱਭ ਟਿਊਮਰ ਜਾਂ ਦਿਮਾਗ ਦੀ ਝਿੱਲੀ ਦਾ ਟਿਊਮਰ ਹੈ। ਨਿਊਰੋਸਰਜਰੀ ਵਿਭਾਗ ਦੇ ਪ੍ਰੋ. ਧੰਡਾਪਾਨੀ ਅਤੇ ਈ. ਐੱਨ. ਟੀ. (ਆਟੋਲੋਰਿੰਜਿਓਲੋਜੀ) ਦੇ ਪ੍ਰੋ. ਅਨੁਰਾਗ ਦੀ ਟੀਮ ਨੇ 9 ਘੰਟੇ ਦੀ ਇਹ ਮੈਰਾਥਨ ਸਰਜਰੀ ਕੀਤੀ। ਸੋਨੀਪਤ ਦੇ 2 ਸਾਲ ਦੇ ਬੱਚੇ ਦੀ ਖੋਪੜੀ ਦੇ ਬੇਸ ’ਚ ਨੱਕ ਰਾਹੀਂ ਐਂਡੋਸਕੋਪਿਕ ਤਕਨੀਕ ਨਾਲ ਇਹ ਸਰਜਰੀ ਕੀਤੀ ਗਈ। ਇਸ ਸਰਜਰੀ ਦੇ ਬਾਅਦ ਪੀ. ਜੀ. ਆਈ. ਦੇ ਡਾਕਟਰਾਂ ਨੇ ਨਾ ਸਿਰਫ਼ ਇੱਕ ਵਾਰ ਫਿਰ ਆਪਣੀ ਮੁਹਾਰਤ ਸਾਬਤ ਕੀਤੀ ਹੈ, ਸਗੋਂ ਦੁਨੀਆ ’ਚ ਇੱਕ ਵਾਰ ਫਿਰ ਸਭ ਤੋਂ ਅੱਗੇ ਸਾਬਤ ਕੀਤਾ ਹੈ। ਇਸ ਤੋਂ ਪਹਿਲਾਂ ਇਸ ਤਕਨੀਕ ਨਾਲ ਦੁਨੀਆ ’ਚ 2020 ਵਿਚ ਸਪੇਨ ’ਚ ਇਸ ਬੀਮਾਰੀ ਦੀ ਸਰਜਰੀ ਕੀਤੀ ਗਈ ਸੀ ਪਰ ਉਸ ਬੱਚੀ ਦੀ ਉਮਰ 12 ਸਾਲ ਸੀ ਅਤੇ ਟਿਊਮਰ ਵੀ ਛੋਟਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਦੁਰਲੱਭ ਟਿਊਮਰ ਕਾਰਨ ਕਈ ਬੀਮਾਰੀਆਂ ਤੋਂ ਪੀੜਤ ਸੀ ਬੱਚਾ
ਸੋਨੀਪਤ ਦਾ 2 ਸਾਲ ਦਾ ਬੱਚਾ ਇਸ ਟਿਊਮਰ ਕਾਰਨ ਬੁਰੀ ਤਰ੍ਹਾਂ ਪੀੜਤ ਸੀ, ਪਰ ਉਸਦੇ ਪਰਿਵਾਰ ਨੂੰ ਇਸ ਬੀਮਾਰੀ ਦਾ ਪਤਾ ਨਹੀਂ ਸੀ। ਬੱਚੇ ਦੀ ਖੱਬੀ ਅੱਖ ਦਾ ਆਈਬੋਲ ਬਾਹਰ ਵੱਲ ਨਿਕਲਣ, ਅੱਖਾਂ ਦੀ ਮੂਵਮੈਂਟ ਰੁਕਣਾ, ਭਾਰੀ ਘੁਰਾੜੇ, ਨੱਕ ’ਚ ਵਾਰ-ਵਾਰ ਗੱਠ ਦਿਖਣ ਦੇ ਇਲਾਵਾ ਅੱਖਾਂ ਚੋਂ ਬਹੁਤ ਜ਼ਿਆਦਾ ਪਾਣੀ ਆਉਂਦਾ ਸੀ। ਜਦੋਂ ਮਾਪੇ ਬੱਚੇ ਨੂੰ ਪੀ. ਜੀ. ਆਈ. ਲੈ ਕੇ ਆਏ ਤਾਂ ਡਾਕਟਰਾਂ ਨੇ ਸੀ. ਟੀ. ਸਕੈਨ ਅਤੇ ਐੱਮ.ਆਰ.ਆਈ. ਕੀਤੀ। ਸੀ.ਟੀ. ਸਕੈਨ ਅਤੇ ਐੱਮ.ਆਰ.ਆਈ. ’ਚ ਪਤਾ ਲੱਗਾ ਕਿ ਬੱਚੇ ਦੇ ਸਿਰ ਦੇ ਹੇਠਲੇ ਹਿੱਸੇ ’ਚ 7-ਸੈਂਟੀਮੀਟਰ ਦਾ ਟਿਊਮਰ ਹੈ, ਜੋ ਸਾਈਨਸ, ਬ੍ਰੈਨ ਅਤੇ ਔਰਬਿਟ (ਅੱਖ ਦੇ ਟੋਏ) ’ਚ ਫੈਲ ਗਿਆ ਸੀ। ਇਸ ਦੇ ਬਾਅਦ ਬਾਇਓਪਸੀ ਕੀਤੀ ਗਈ, ਤਾਂ ਪਤਾ ਲੱਗਾ ਕਿ ਬੱਚੇ ਨੂੰ ਬਹੁਤ ਹੀ ਦੁਰਲੱਭ ਮੈਨਿਨਜਿਓ ਟਿਊਮਰ ਸੀ। ਮੈਡੀਕਲ ਸਾਇੰਸ ਦੀ ਦੁਨੀਆ ’ਚ ਸਕੱਲ ਬੇਸ ਮੈਨਿਨਜਿਓ ਟਿਊਮਰ ਦੀ ਸਰਜਰੀ ਨੂੰ ਬਹੁਤ ਚੁਣੌਤੀਪੂਰਨ ਮੰਨਿਆ ਜਾਂਦਾ ਹੈ। 2 ਸਾਲ ਦੇ ਬੱਚੇ ’ਤੇ ਇਹ ਸਰਜਰੀ ਹੋਰ ਵੀ ਚੁਣੌਤੀਪੂਰਨ ਸੀ, ਕਿਉਂਕਿ ਸਰਜਰੀ ਦੌਰਾਨ ਹਾਈਪੋਥਰਮਿਆ, ਖੂਨ ਦਾ ਨੁਕਸਾਨ ਅਤੇ ਫਲੂਅਡ ਡਿਸਟਰਬੈਂਸ ਕਾਰਨ ਬੱਚੇ ਦੀ ਜਾਨ ਲਈ ਖ਼ਤਰਾ ਪੈਦਾ ਹੋ ਸਕਦਾ ਸੀ।
ਜੋਖਮ ਟਾਲਣ ਨੂੰ ਅਪਣਾਈ ਇਹ ਤਕਨੀਕ
ਬੱਚੇ ਦੀ ਹਾਲਤ ਅਤੇ ਸਰਜਰੀ ਦੀ ਗੰਭੀਰਤਾ ਨੂੰ ਸਮਝਦੇ ਹੋਏ, ਤਿੰਨ ਵਿਭਾਗਾਂ ਦੇ ਡਾਕਟਰਾਂ ਦੀ ਟੀਮ ਤਿਆਰ ਕੀਤੀ ਗਈ। ਬੱਚੇ ਦੀ ਜਾਨ ਨੂੰ ਹੋਣ ਵਾਲੇ ਕਿਸੇ ਵੀ ਜੋਖਮ ਨੂੰ ਟਾਲਣ ਦੇ ਲਈ ਈ. ਐੱਨ. ਟੀ ਤੋਂ ਡਾ. ਅਨੁਰਾਗ ਦੇ ਨਾਲ ਡਾ. ਰਿਜੁਨੇਤਾ, ਡਾ. ਕੌਸ਼ਿਕਾ, ਨਿਊਰੋਸਰਜਰੀ ਤੋਂ ਡਾ. ਘੰਡਾਪਾਨੀ, ਡਾ. ਸੁਸ਼ਾਂਤ, ਡਾ. ਬੰਸਿਲ, ਡਾ. ਸ਼ਿਲਪਾ, ਨਿਊਰੋਐਨੇਸਥੀਸੀਓਲੋਜੀ ਤੋਂ ਡਾ. ਅੰਕੁਰ ਅਤੇ ਡਾ. ਪੂਰਨਾ ਤੋਂ ਇਲਾਵਾ ਨਰਸਿੰਗ ਤੋਂ ਸਿਸਟਰ ਕੰਵਲਦੀਪ, ਸਿਸਟਰ ਜੋਤੀ, ਰਾਜਵੀਰ ਅਤੇ ਧੰਨਾਰਾਮ ਦੀ ਟੀਮ ਨੇ ਸਰਜਰੀ 'ਤੇ ਡੂੰਘਾ ਮੰਥਨ ਕੀਤਾ। ਇਸ ਟਿਊਮਰ ਲਈ ਰਵਾਇਤੀ ਓਪਨ ਤਕਨੀਕ ਨਾਲ ਹੁੰਦੀ ਆਈ ਨਿਊਰੋਸਰਜਰੀ ਵਿਚ ਪੈਦਾ ਹੋਣ ਵਾਲੇ ਜੋਖਮਾਂ ਨੂੰ ਦੇਖਦੇ ਹੋਏ ਡਾਕਟਰਾਂ ਦੀ ਇਸ ਟੀਮ ਨੇ ਸਾਰੀਆਂ ਸੰਭਵ ਸੁਰੱਖਿਅਤ ਤਕਨੀਕਾਂ ਦੀ ਮਦਦ ਨਾਲ ਐਂਡੋਸਕੋਪੀ ਰਾਹੀਂ ਇਹ ਸਰਜਰੀ ਕਰਨ ਦਾ ਫ਼ੈਸਲਾ ਲਿਆ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਬਾਅਦ ਵਿਚ ਜੇਕਰ ਜ਼ਰੂਰੀ ਹੋਇਆ ਤਾਂ ਬੱਚੇ ਦੀ ਰਵਾਇਤੀ ਤਰੀਕੇ ਨਾਲ ਹੋਣ ਵਾਲੀ ਓਪਨ ਨਿਊਰੋਸਰਜਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਕੇਸਰੀ ਗਰੁੱਪ ਨੂੰ ਨਿਸ਼ਾਨਾ ਬਣਾਉਣਾ ਮੀਡੀਆ ਦੀ ਆਜ਼ਾਦੀ 'ਤੇ ਹਮਲਾ : ਚੰਦੂਮਾਜਰਾ
ਸਰਜਰੀ ਦੇ ਸਮੇਂ ਵੀ ਆਈਆਂ ਕਈ ਨਵੀਆਂ ਚੁਣੌਤੀਆਂ
ਸਰਜਰੀ ਸ਼ੁਰੂ ਹੋਈ, ਤਾਂ ਪਤਾ ਲੱਗਾ ਕਿ ਟਿਊਮਰ ਨੱਕ ਰਾਹੀਂ ਮੈਕਸਿਲਰੀ ਸਾਈਨਸ (ਨੱਕ ਨਾਲ ਜੁੜੀਆਂ ਗੱਲ੍ਹਾਂ ਦੀਆਂ ਹੱਡੀਆਂ ਦੇ ਅੰਦਰ ਇੱਕ ਵੱਡੀ ਅਤੇ ਹਵਾ ਨਾਲ ਭਰੀ ਕੈਵਿਟੀ) ਅਤੇ ਸਾਹਮਣੇ ਦੀ ਗੱਲ੍ਹ ਦੀ ਹੱਡੀ ਤੱਕ ਫੈਲ ਗਿਆ ਸੀ। ਇਸ ਲਈ ਹੁਣ ਬੱਚੇ ਨੂੰ ਐਕਸਪੈਂਡੇਡ ਐਂਡੋਜੇਨੀਟਲ ਐਂਡੋਸਕੋਪਿਕ ਦੀ ਲੋੜ ਸੀ। ਫਿਰ ਨੱਕ ਦੇ ਸਾਹਮਣੇ ਵਾਲੀ ਗੱਲ ਦੀ ਹੱਡੀ ਨੂੰ ਬੇਹੱਦ ਹਲਕੇ ਤਰੀਕੇ ਨਾਲ ਲਗਭਗ ਕੱਟ ਕੇ ਲੋੜੀਂਦੀ ਜਗ੍ਹਾ ਬਣਾਈ ਗਈ। 45-ਡਿਗਰੀ ਦੇ ਨੈਵੀਗੇਸ਼ਨ ਐਂਗਲ ਵਾਲੇ ਐਂਡੋਸਕੋਪ, ਕੋਬਲੇਟਰ ਅਤੇ ਲੰਬੇ ਘੁਮਾਅਦਾਰ ਵਾਲੇ ਇੰਸਟਰੂਮੈਂਟ ਦੀ ਮਦਦ ਨਾਲ ਬਿਲਕੁਲ ਨਵੇਂ ਤਰੀਕੇ ਨਾਲ ਬ੍ਰੇਨ ਦੇ ਬਿਲਕੁਲ ਨਜ਼ਦੀਕ ਤੱਕ ਫਸੇ ਟਿਊਮਰ ਦੇ ਉਪਰੀ ਹਿੱਸੇ ਤੱਕ ਪਹੁੰਚਿਆ ਗਿਆ। ਇੱਥੇ ਪਹੁੰਚਣ ਤੋਂ ਬਾਅਦ ਡਾਕਟਰਾਂ ਦੀ ਟੀਮ ਨੂੰ ਸਰਜਰੀ ਦੌਰਾਨ ਅਚਾਨਕ ਪਤਾ ਲੱਗਾ ਕਿ ਬੱਚੇ ਦੇ ਟਿਊਮਰ ਵਿਚ ਬਹੁਤ ਜ਼ਿਆਦਾ ਖੂਨ ਦੀਆਂ ਨਾੜੀਆਂ ਜਾਂ ਕਹੀਏ ਬਹੁਤ ਜ਼ਿਆਦਾ ਖੂਨ ਹੋਣ ਦੇ ਨਾਲ ਹੀ ਮਲਟੀਪਲ ਭਾਵ ਇਕ ਤੋਂ ਜ਼ਿਆਦਾ ਹੱਡੀਆਂ ਅਤੇ ਤਰੇੜਾਂ ਸਨ। ਇੱਥੇ ਪਹੁੰਚਣ ਤੋਂ ਬਾਅਦ, ਡਾਕਟਰਾਂ ਦੀ ਟੀਮ ਨੇ ਪੂਰੀ ਸਾਵਧਾਨੀ ਨਾਲ 9 ਘੰਟੇ ਬਾਅਦ ਨੱਕ ਤੋਂ ਐਂਡੋਸਕੋਪੀ ਰਾਹੀਂ ਇਸ ਟਿਊਮਰ ਨੂੰ ਪੂਰੀ ਤਰ੍ਹਾਂ ਕੱਢਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਅਤੇ ਰਵਾਇਤੀ ਤਰੀਕੇ ਨਾਲ ਹੋਣ ਵਾਲੀ ਓਪਨ ਸਰਜਰੀ ਦੀ ਕੋਈ ਲੋੜ ਨਹੀਂ ਪਈ। ਸਰਜਰੀ ਦੇ ਆਖਰੀ ਪੜਾਅ ਵਿਚ ਬੱਚੇ ਦੇ ਸਿਰ ਦੇ ਬੇਸ ਵਿਚ ਟਿਊਮਰ ਰਾਹੀਂ ਬਣਾਈਆਂ ਗਈਆਂ ਕਈ ਪਰਤਾਂ ਨੂੰ ਰਿਪੇਅਰ ਕੀਤਾ ਗਿਆ। ਸਰਜਰੀ ਤੋਂ ਬਾਅਦ ਕੀਤੀ ਗਈ ਐੱਮ.ਆਰ.ਆਈ ਤੋਂ ਪਤਾ ਲੱਗਾ ਕਿ ਟਿਊਮਰ ਪੂਰੀ ਤਰ੍ਹਾਂ ਕੱਢਿਆ ਜਾ ਚੁੱਕਿਆ ਹੈ। ਪੀ. ਜੀ. ਆਈ. ਦੇ ਡਾਕਟਰਾਂ ਦੀ ਟੀਮ ਨੇ ਦੁਨੀਆਂ ਦੀ ਇਹ ਅਦਭੁੱਤ ਅਤੇ ਬੇਮਿਸਾਲ ਸਰਜਰੀ ਪੂਰੀ ਕੀਤੀ। ਹੁਣ ਇਸ ਬੱਚੇ ਦੀ ਸਿਹਤ ਵਿਚ ਪੂਰੀ ਤਰ੍ਹਾਂ ਸੁਧਾਰ ਹੋ ਚੁੱਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News