World Polio Day 2023: ਕੀ ਹੁੰਦੀ ਹੈ 'ਪੋਲੀਓ' ਦੀ ਬੀਮਾਰੀ, ਜਾਣੋ ਲੱਛਣ ਤੇ ਬਚਾਅ ਦੇ ਤਰੀਕੇ

Tuesday, Oct 24, 2023 - 01:48 PM (IST)

World Polio Day 2023: ਕੀ ਹੁੰਦੀ ਹੈ 'ਪੋਲੀਓ' ਦੀ ਬੀਮਾਰੀ, ਜਾਣੋ ਲੱਛਣ ਤੇ ਬਚਾਅ ਦੇ ਤਰੀਕੇ

ਲਾਈਫਸਟਾਈਲ ਡੈਸਕ : ਵਿਸ਼ਵ ਪੋਲੀਓ ਦਿਵਸ ਹਰ ਸਾਲ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਪੋਲੀਓ ਟੀਕਾਕਰਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸ ਦਿਨ ਪੋਲੀਓ ਦੇ ਖ਼ਾਤਮੇ ਲਈ ਵਿਸ਼ਵ ਭਰ 'ਚ ਪੋਲੀਓ ਵਿਰੁੱਧ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਾਣਦੇ ਹਾਂ ਪੋਲੀਓ ਨਾਲ ਜੁੜੀਆਂ ਜ਼ਰੂਰੀ ਗੱਲਾਂ।

ਕੀ ਹੈ ਇਸ ਦਾ ਮਹੱਤਵ?
ਪੋਲੀਓ ਇਕ ਭਿਆਨਕ ਬਿਮਾਰੀ ਹੈ, ਜਿਸ ਦੀ ਲਾਗ ਲੱਗਣ 'ਤੇ ਅਧਰੰਗ ਵੀ ਹੋ ਸਕਦਾ ਹੈ। ਇਹ ਜ਼ਿਆਦਾਤਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਸਮੇਂ ਸਿਰ ਸਾਰੇ ਟੀਕੇ ਲਗਾਉਣਾ ਬਹੁਤ ਜ਼ਰੂਰੀ ਹੈ। ਇਸ ਦਿਨ ਸਮੇਂ ਸਿਰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਵਾਲੇ ਮਾਪਿਆਂ ਅਤੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਭਾਰਤ 2014 ਵਿਚ ਪੋਲੀਓ-ਮੁਕਤ ਦੇਸ਼ ਬਣਿਆ।

ਕੀ ਹੈ ਪੋਲੀਓ ?
ਪੋਲੀਆ ਨੂੰ ਪੋਲੀਓਮਾਈਲਾਈਟਿਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੋਲੀਓ ਵਾਇਰਸ ਦੀ ਲਾਗ ਕਾਰਨ ਹੁੰਦਾ ਹੈ, ਜੋ ਰੀੜ੍ਹ ਦੀ ਹੱਡੀ ਦੀਆਂ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਅਧਰੰਗ ਜਾਂ ਮੌਤ ਵੀ ਹੋ ਸਕਦੀ ਹੈ। ਕਲੇਵਰਲੈਂਡ ਕਲੀਨਕ ਦੇ ਅਨੁਸਾਰ ਪੋਲੀਓ ਵਾਇਰਸ ਪਹਿਲਾਂ ਤੁਹਾਡੇ ਗਲੇ ਅਤੇ ਫਿਰ ਤੁਹਾਡੀਆਂ ਅੰਤੜੀਆਂ ਨੂੰ ਸੰਕ੍ਰਮਿਤ ਕਰਦਾ ਹੈ। ਇਸ ਕਾਰਨ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਇਨਫੈਕਸ਼ਨ ਤੁਹਾਡੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦੀ ਹੈ। ਇਹ ਛੂਤ ਦੀ ਬਿਮਾਰੀ ਹੈ, ਜੋ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਫੈਲ ਸਕਦੀ ਹੈ।


ਕਿਵੇਂ ਫੈਲਦਾ ਹੈ ਪੋਲੀਓ ?
1. ਟਾਇਲਟ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਨਾ ਧੋਣਾ।
2. ਗੰਦੇ ਪਾਣੀ ਨਾਲ ਪੀਣਾ ਜਾਂ ਖਾਣਾ ਪਕਾਉਣਾ।
3. ਲਾਗ ਵਾਲੇ ਵਿਅਕਤੀ ਦੇ ਥੁੱਕ, ਲਾਰ ਜਾਂ ਮਲ ਦੇ ਸੰਪਰਕ 'ਚ ਆਉਣਾ।
4. ਗੰਦੇ ਪਾਣੀ 'ਚ ਤੈਰਾਕੀ ਤੋਂ।
5. ਗੰਦਾ ਭੋਜਨ ਖਾਣ ਨਾਲ।

ਜਾਣੋ ਕੀ ਹਨ ਲੱਛਣ

1. ਗਲੇ 'ਚ ਖਾਰਿਸ਼।
2. ਬੁਖ਼ਾਰ
3. ਸਿਰਦਰਦ
4. ਢਿੱਡ 'ਚ ਦਰਦ
5. ਉਲਟੀਆਂ
6. ਦਸਤ
7. ਥਕਾਵਟ
8. ਮਾਸਪੇਸ਼ੀਆਂ ਦੇ ਦਰਦ
9. ਲੱਤਾਂ ਜਾਂ ਬਾਹਾਂ ਨੂੰ ਹਿਲਾਉਣ ਵਿਚ ਮੁਸ਼ਕਲ
10. ਅਧਰੰਗ

ਬਚਾਅ ਦਾ ਤਰੀਕਾ
ਪੋਲੀਓ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਇਸ ਦੀ ਵੈਕਸੀਨ। ਭਾਰਤ 'ਚ ਓਰਲ ਪੋਲੀਓ ਵੈਕਸੀਨ ਦਿੱਤੀ ਜਾਂਦੀ ਹੈ। 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ।


author

sunita

Content Editor

Related News