ਭਾਰਤ-ਕੈਨੇਡਾ ਵਿਸ਼ਵ ਕਬੱਡੀ ਕੱਪ ਦੇ ਫਾਈਨਲ 'ਚ ਪੁੱਜੇ

12/08/2019 5:21:28 PM

ਰੋਪੜ/ਆਨੰਦਪੁਰ ਸਾਹਿਬ (ਸ਼ਮਸ਼ੇਰ)— ਅੱਠ ਦਸੰਬਰ ਭਾਵ ਅੱਜ ਰੋਪੜ ਜ਼ਿਲੇ 'ਚ ਸਥਿਤ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦੇ ਸੈਮੀਫਾਈਨਲ ਮੈਚਾਂ ਦਾ ਦੂਜਾ ਮੈਚ ਭਾਰਤ ਅਤੇ ਅਮਰੀਕਾ ਵਿਚਾਲੇ ਹੋਇਆ। ਮੈਚ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਮੈਚ ਤੋਂ ਪਹਿਲਾਂ ਅੱਜ ਕੈਨੇਡਾ ਨੇ ਇੰਗਲੈਂਡ ਨੂੰ ਸੈਮੀਫਾਈਨਲ ਦੇ ਪਹਿਲੇ ਮੈਚ 'ਚ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। ਪਹਿਲੇ ਮੈਚ ਦੌਰਾਨ ਕੈਨੇਡਾ ਤੇ ਇੰਗਲੈਂਡ ਆਪਸ 'ਚ ਭਿੜੇ ਜਿਸ ਦੌਰਾਨ ਪਹਿਲੇ ਕੁਆਰਟਰ 'ਚ ਕੈਨੇਡਾ ਨੇ 9 ਤੇ ਇੰਗਲੈਂਡ ਨੇ 10 ਅੰਕ ਪ੍ਰਰਾਪਤ ਕੀਤੇ। ਅੱਧੇ ਸਮੇਂ ਦੌਰਾਨ ਕੈਨੇਡਾ ਦੇ 20 ਅਤੇ ਇੰਗਲੈਂਡ ਦੇ 17 ਅੰਕ ਬਣੇ। ਤੀਸਰੇ ਕੁਆਰਟਰ 'ਚ ਕੈਨੇਡਾ ਦੇ 33 ਅਤੇ ਇੰਗਲੈਂਡ ਦੇ 24 ਅੰਕ ਰਹੇ ਤੇ ਚੌਥੇ ਦੌਰ 'ਚ ਕੈਨੇਡਾ 45 ਅੰਕ ਲੈ ਕੇ ਜੇਤੂ ਰਿਹਾ ਜਦਕਿ ਇੰਗਲੈਂਡ ਨੂੰ 29 ਅੰਕ 'ਤੇ ਹੀ ਸਬਰ ਕਰਨਾ ਪਿਆ।

ਦੂਸਰਾ ਮੈਚ ਭਾਰਤ ਤੇ ਯੂ. ਐੱਸ. ਏ. ਵਿਚਾਲੇ ਹੋਇਆ। ਜਿਸ ਦੇ ਪਹਿਲੇ ਰਾਊਂਡ 'ਚ ਭਾਰਤ ਨੇ ਜ਼ੋਰਦਾਰ ਸ਼ੁਰੂਆਤ ਕਰਦਿਆਂ 18 ਅੰਕ ਬਣਾਏ ਅਤੇ ਯੂ. ਐੱਸ. ਏ. ਸਿਰਫ ਪੰਜ ਅੰਕ ਹੀ ਪ੍ਰਰਾਪਤ ਕਰ ਸਕਿਆ। ਦੂਜੇ ਦੌਰ ਤਕ ਭਾਰਤ ਨੇ 33 ਤੇ ਯੂ. ਐੱਸ. ਏ. ਨੇ 13 ਅੰਕ ਬਣਾਏ, ਤੀਜੇ ਦੌਰ 'ਚ ਭਾਰਤ ਦੇ 47 ਤੇ ਯੂ. ਐੱਸ. ਏ. ਦੇ 21 ਅੰਕ ਰਹੇ ਜਦਕਿ ਚੌਥੇ ਤੇ ਆਖ਼ਰੀ ਦੌਰ 'ਚ ਭਾਰਤ 59 ਅੰਕ ਲੈ ਕੇ ਜੇਤੂ ਰਿਹਾ ਜਦਕਿ ਯੂ. ਐੱਸ. ਏ. 31 ਅੰਕ 'ਤੇ ਹੀ ਰੁਕ ਗਿਆ। ਹੁਣ ਫਾਈਨਲ ਮੈਚ ਭਾਰਤ ਅਤੇ ਕੈਨੇਡਾ ਵਿਚਾਲੇ 10 ਦਸਬੰਰ ਨੂੰ ਖੇਡਿਆ ਜਾਵੇਗਾ।   

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜ਼ਿਨਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ 'ਏ' ਵਿਚ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਸ਼੍ਰੀਲੰਕਾ ਹਨ ਜਦਕਿ ਪੂਲ 'ਬੀ' ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।


Tarsem Singh

Content Editor

Related News