ਭਾਰਤ ਦੇ ਚੈਂਪੀਅਨ ਬਣਨ ਦੇ ਨਾਲ ਹੀ ਵਿਸ਼ਵ ਕਬੱਡੀ ਕੱਪ ਸ਼ਾਨੌ ਸ਼ੌਕਤ ਨਾਲ ਸੰਪੰਨ

Tuesday, Dec 10, 2019 - 06:47 PM (IST)

ਡੇਰਾ ਬਾਬਾ ਨਾਨਕ, 10 ਦਸੰਬਰ (ਵਤਨ)- ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ ਅਤੇ ਇਸ ਫਾਈਨਲ ਮੈਚ 'ਚ ਭਾਰਤ ਨੇ ਕੈਨੇਡਾ ਨੂੰ ਇਕਪਾਸੜ ਮੁਕਾਬਲੇ 'ਚ ਹਰਾਇਆ ਜਦਕਿ ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਇੰਗਲੈਂਡ ਅਤੇ ਯੂ. ਐਸ. ਏ. ਵਿਚਾਲੇ ਖੇਡੇ ਗਏ ਮੁਕਾਬਲੇ 'ਚ ਯੂ. ਐਸ. ਏ. ਨੇ ਇਕ ਫਸਵੇਂ ਤੇ ਰੋਮਾਂਚਕ ਮੁਕਾਬਲੇ 'ਚ ਇੰਗਲੈਂਡ ਨੂੰ 45-42 ਦੇ ਫਰਕ ਨਾਲ ਹਰਾਇਆ।PunjabKesari
ਫਾਈਨਲ ਮੁਕਾਬਲੇ 'ਚ ਭਾਰਤ ਨੇ ਮਾਰੀ ਬਾਜ਼ੀ, ਤੀਜੇ ਸਥਾਨ 'ਤੇ ਰਿਹਾ ਯੂ. ਐੱਸ. ਏ
ਤੀਜੇ ਸਥਾਨ ਲਈ ਇੰਗਲੈਂਡ ਅਤੇ ਯੂ. ਐਸ. ਏ. ਦੀ ਟੀਮ ਵਿਚਾਲੇ ਖੇਡਿਆ ਗਿਆ ਮੁਕਾਬਲਾ ਕਾਫੀ ਰੋਚਕ ਸੀ ਅਤੇ ਪਹਿਲੇ ਹਾਫ ਤੱਕ ਯੂ. ਐਸ. ਏ. ਦੇ 23 ਅਤੇ ਇੰਗਲੈਂਡ ਦੇ 14 ਅੰਕ ਸਨ ਪਰ ਮੈਚ ਦੀ ਸਮਾਪਤੀ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਯੂ. ਐਸ. ਏ. ਨੇ ਹਮਲਾਵਰ ਖੇਡ ਵਿਖਾਉਂਦਿਆਂ ਇਹ ਮੁਕਾਬਲਾ 42-35 ਨਾਲ ਜਿੱਤ ਲਿਆ ਅਤੇ ਇਸ ਮੈਚ ਦਾ ਵੱਡੀ ਗਿਣਤੀ 'ਚ ਮੌਜੂਦ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਖੇਡਿਆ ਗਿਆ ਅਤੇ ਇਹ ਮੈਚ ਸ਼ੁਰੂ ਤੋਂ ਹੀ ਇਕ ਪਾਸੜ ਰਿਹਾ ਅਤੇ ਭਾਰਤੀ ਖਿਡਾਰੀਆਂ ਨੇ ਕੈਨੇਡਾ ਦੇ ਖਿਡਾਰੀਆਂ ਦੀ ਇਕ ਨਾ ਚੱਲਣ ਦਿੱਤੀ। ਪਹਿਲੇ ਕਵਾਰਟਰ 'ਚ ਭਾਰਤ ਕੈਨੇਡਾ ਤੋਂ 34-9 ਦੇ ਭਾਰੀ ਫਰਕ ਨਾਲ ਅੱਗੇ ਰਿਹਾ ਅਤੇ ਖੇਡ ਖਤਮ ਹੋਣ ਤੱਕ ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ ਦੇ ਭਾਰੀ ਫਰਕ ਨਾਲ ਹਰਾ ਕੇ  ਜੇਤੂ ਟਰਾਫੀ ਚੁੰਮ ਲਈ।PunjabKesari
ਜੇਤੂ ਟੀਮ ਨੂੰ 25 ਲੱਖ ਰੁਪਏ ਅਤੇ ਟਰਾਫੀ ਕੀਤੀ ਭੇਂਟ
ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕਬੱਡੀ ਟੂਰਨਾਮੈਂਟ ਦੀ ਜੇਤੂ ਟੀਮ ਨੂੰ 25 ਲੱਖ ਰੁਪਏ, ਦੂਜੇ ਸਥਾਨ ਤੇ ਆਉਣ ਵਾਲੀ ਕੈਨੇਡਾ ਦੀ ਟੀਮ ਨੂੰ 15 ਲੱਖ ਰੁਪਏ ਅਤੇ ਤੀਜੇ ਸਥਾਨ ਤੇ ਆਉਣ ਵਾਲੀ ਯੂ. ਐਸ. ਏ. ਦੀ ਟੀਮ ਨੂੰ10 ਲੱਖ ਰੁਪਏ ਦੀ ਇਨਾਮੀ ਰਾਸ਼ੀ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਂਝੇ ਤੌਰ ਤੇ ਭੇਂਟ ਕੀਤੀ ਅਤੇ ਹਰੇਕ ਟੀਮ ਨੂੰ ਨਗਦ ਰਾਸ਼ੀ ਦੇ ਇਨਾਮ ਦੇ ਨਾਲ ਨਾਲ ਟਰਾਫੀ ਵੀ ਭੇਂਟ ਕੀਤੀ ਗਈ।PunjabKesari
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ
ਅੱਜ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ 'ਚ ਤੀਜੇ ਸਥਾਨ ਲਈ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਖੇਡਾਂ ਨਾਲ ਜਾਣ ਪਛਾਣ ਕੀਤੀ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਫਾਈਨਲ ਮੈਚ ਹੁੰਦਾ ਅਤੇ ਪਾਕਿਸਤਾਨ ਦੀ ਟੀਮ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਬਣੇ ਕਰਤਾਰਪੁਰ ਕੋਰੀਡੋਰ ਰਾਹੀਂ ਭਾਰਤ ਆਉਂਦੀ ਅਤੇ ਮੈਚ ਖੇਡ ਕੇ ਇਸੇ ਰਸਤੇ ਵਾਪਸ ਮੁੜ ਜਾਂਦੀ ਤੇ ਅਮਨ ਦਾ ਸੁਨੇਹਾ ਹੋਰ ਪਰਪੱਕ ਹੋ ਜਾਂਦਾ। PunjabKesariPunjabKesariਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਦੇ ਇਹ ਕਸਬਾ ਸਰਹੱਦੀ ਅਤੇ ਪਛੜਿਆ ਗਿਣਿਆ ਜਾਂਦਾ ਸੀ ਪਰ ਅੱਜ ਡੇਰਾ ਬਾਬਾ ਨਾਨਕ ਗੇਟ ਵੇ ਆਫ ਇੰਡੀਆ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਸਟੇਜ ਅਨਾਊਂਸਰ ਵਾਰ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਵਿਖੇ 14 ਸਾਲ ਬਿਤਾਉਣ ਦੀ ਗੱਲ ਆਖਦੇ ਰਹੇ, ਜਦਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ 18 ਦੇ ਕਰੀਬ ਸਾਲ ਬਿਤਾਏ ਸਨ। ਇਸ ਤੋਂ ਪਹਿਲਾਂ ਕਿਹਾ ਜਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਫਾਈਨਲ ਮੁਕਾਬਲੇ 'ਚ ਸ਼ਿਰਕਤ ਕਰਨਗੇ ਪਰ ਫਾਈਨਲ ਤੋਂ ਇਕ ਦਿਨ ਪਹਿਲਾਂ ਸੋਮਵਾਰ ਤੋਂ ਹੀ ਇਹ ਅਟਕਲਾਂ ਚੱਲ ਪਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਇਸ ਕਬੱਡੀ ਕੱਪ ਦੇ ਫਾਈਨਲ ਮੈਚ 'ਚ ਨਹੀਂ ਆਉਣਗੇ ਜੋ ਕਿ ਸਿੱਧ ਹੋ ਗਈਆਂ ਅਤੇ ਉਨਾਂ ਦੀ ਜਗ੍ਹਾ ਕੈਬਨਿਟ ਮੰਤਰੀਆਂ ਨੇ ਹੀ ਜੇਤੂ ਟੀਮਾਂ ਨੂੰ ਇਨਾਮ ਵੰਡੇ।PunjabKesari
ਜਸਵੀਰ ਜੱਸੀ ਅਤੇ ਸਤਿੰਦਰ ਸੱਤੀ ਨੇ ਦਰਸ਼ਕਾਂ ਦਾ ਕੀਤਾ ਖੂਬ ਮਨੋਰੰਜਨ
ਕਬੱਡੀ ਕੱਪ ਦੌਰਾਨ ਆਪਣਾ ਫਨ ਦਾ ਮੁਜ਼ਾਹਰਾ ਕਰਨ ਆਈ ਨਾਮਵਰ ਗਾਇਕ ਗੁਰਲੇਜ ਅਖਤਰ ਨੇ ਧਾਰਮਿਕ ਗੀਤ ਤੋਂ ਸ਼ੁਰੂਆਤ ਕਰਨ ਦੀ ਬਜਾਏ ਸਿੱਧੇ ਆਪਣੇ ਗੀਤ ਸ਼ੁਰੂ ਕਰ ਦਿੱਤੇ ਪਰ ਠੰਡ ਕਾਰਨ ਦਰਸ਼ਕਾਂ ਦਾ ਉਸ ਨੂੰ ਮੱਠਾ ਹੁੰਗਾਰਾ ਮਿਲਿਆ ਪਰ ਜਦੋਂ ਜਸਵੀਰ ਜੱਸੀ ਨੇ ਆਪਣੇ ਗੀਤਾਂ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਅਤੇ ਦਰਸ਼ਕਾਂ ਨੂੰ ਝੂੰਮਣ ਵੀ ਲਾ ਦਿੱਤਾ। ਪ੍ਰਸਿੱਧ ਸਟੇਜ ਸੰਚਾਲਕ ਸਤਿੰਦਰ ਸੱਤੀ ਨੇ ਆਪਣੀ ਸ਼ਾਇਰਾਨਾ ਅੰਦਾਜ਼ 'ਚ ਕੀਤੀ ਪੇਸ਼ਕਾਰੀ ਨੂੰ ਲੋਕਾਂ ਨੇ ਤਾੜੀਆਂ ਮਾਰ ਕੇ ਸਲਾਹਿਆ। ਦਰਸ਼ਕਾਂ ਵਲੋਂ ਵਾਰ ਵਾਰ ਫਰਮਾਇਸ਼ ਕਰਨ ਤੇ ਮੈਂਬਰ ਪਾਰਲੀਮੈਂਟ ਅਤੇ ਗੀਤਕਾਰ ਮੁਹੰਮਦ ਸਦੀਕ ਨੇ ਧਾਰਮਿਕ ਗੀਤਾਂ ਦੀਆਂ ਕੁਝ ਲਾਈਨਾਂ ਸੁਣਾਈਆਂ ਅਤੇ ਬਿਨਾਂ ਸਾਜਾਂ ਤੋਂ ਗੀਤ ਗਾਉਣ ਲਈ ਮੁਆਫੀ ਵੀ ਮੰਗੀ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਟਕੀ ਲੈਂਦਿਆਂ ਕਿਹਾ ਕਿ ਸਦੀਕ ਸਾਹਿਬ ਜਦੋਂ ਕਿਸੇ ਪ੍ਰੋਗਰਾਮ 'ਚੇ ਜਾਂਦੇ ਹੋ ਤਾਂ ਹਾਰਮੋਨੀਅਮ ਤੇ ਤਬਲਾ ਨਾਲ ਹੀ ਲੈ ਕੇ ਜਾਇਆ ਕਰੋਂ। ਭਾਂਵੇ ਕਬੱਡੀ ਕੱਪ ਪੰਜਾਬ ਪੱਧਰ ਦਾ ਸੀ ਪਰ ਪ੍ਰਬੰਧਕਾਂ ਨਾਲ ਦਰਸ਼ਕਾਂ ਲਈ ਸਿਰਫ ਦੋ ਜਗ੍ਹਾਂ ਤੇ ਹੀ ਬੈਠਣ ਵਾਲੇ ਸਟੈਂਡ ਲਗਾਏ ਗਏ ਸਨ, ਜਿਸ ਕਾਰਨ ਮੈਚ ਵੇਖਣ ਲਈ ਪਿੰਡਾਂ 'ਚੋਂ ਲਿਆਉਣ ਵਾਲੀਆਂ ਬੱਸਾਂ ਉਪਰ ਚੜ੍ਹ ਕੇ ਦਰਸ਼ਕਾਂ ਨੂੰ ਮੈਚ ਵੇਖਣੇ ਪਏ।PunjabKesari
20 ਲੱਖ ਰੁਪਏ ਅਤੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਲਈ 20 ਲੱਖ ਰੁਪਏ ਅਤੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਰਹੱਦੀ ਖੇਤਰ 'ਚ ਇਨਡੋਰ ਸਟੇਡੀਅਮ ਬਣਾਉਣ ਦੀ ਗੱਲ ਵੀ ਕਹੀ।


Related News