ਵਿਸ਼ਵ ਕਬੱਡੀ ਕੱਪ 2019: ਭਾਰਤ ਨੇ ਆਸਟਰੇਲੀਆ ਨੂੰ ਵੱਡੇ ਫਰਕ ਨਾਲ ਹਰਾਇਆ

12/05/2019 3:06:46 PM

ਬਠਿੰਡਾ (ਬਲਵਿੰਦਰ)— ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ 2019 ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਕਬੱਡੀ ਕੱਪ 2019 ਦਾ ਰੋਮਾਂਚ ਦਿਨੋਂ ਦਿਨ ਵੱਧਦਾ ਹੀ ਰਿਹਾ ਹੈ। ਇਸ ਟੂਰਨਾਮੈਂਟ ਦਾ ਸਫਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋ ਕੇ ਅੱਜ ਬਠਿੰਡਾ ਵਿਖੇ ਆ ਪਹੁੰਚਿਆ ਹੈ। ਅੱਜ (ਵੀਰਵਾਰ) ਬਠਿੰਡੇ ਦੇ ਸਪੋਰਟਸ ਸਟੇਡੀਅਮ 'ਚ ਦੂਜਾ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਜਿੱਥੇ ਭਾਰਤ ਨੇ ਆਸਟਰੇਲੀਆ 48-34 ਨਾਲ ਹਰਾਇਆ।

ਬੀਤੇ ਦਿਨ (ਬੁੱਧਵਾਰ) ਗੁਰੂਹਰਸਹਾਏ ਵਿਖੇ ਤਿੰਨ ਮੁਕਾਬਲੇ ਖੇਡੇ ਗਏ। ਪਹਿਲਾ ਮੁਕਾਬਲਾ ਭਾਰਤ ਅਤੇ ਸ਼੍ਰੀਲੰਕਾ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿਚ ਭਾਰਤੀ ਟੀਮ ਨੇ 63 ਅਤੇ ਸ਼੍ਰੀਲੰਕਾ ਸਿਰਫ 22 ਅੰਕ ਹੀ ਹਾਸਲ ਕਰ ਸਕੀ ਅਤੇ ਭਾਰਤ ਨੇ ਵੱਡੇ ਫਰਕ ਨਾਲ ਮੈਚ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਦੂਜਾ ਮੈਚ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਇੰਗਲੈਂਡ ਨੇ ਆਸਟਰੇਲੀਆ ਨੂੰ 44-33 ਅੰਕਾਂ ਨਾਲ ਹਰਾਇਆ ਸੀ। ਤੀਜਾ ਤੇ ਆਖਰੀ ਮੈਚ ਨਿਊਜ਼ੀਲੈਂਡ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਕੈਨੇਡਾ ਨੇ 43 ਅੰਕ ਅਤੇ ਨਿਊਜ਼ੀਲੈਂਡ 34 ਅੰਕ ਹਾਸਲ ਕੀਤੇ ਸਨ । ਜਿਥੇ ਕੈਨੇਡਾ ਦੇ ਨਿਊਜ਼ੀਲੈਂਡ ਨੂੰ 9 ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ। 

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜ਼ਿਨਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।


Related News