ਮੋਬਾਇਲ ਵਿੰਗ ਵੱਲੋਂ ਜ਼ਬਤ ਕੀਤੇ ਟਰੱਕ ਨੂੰ ਚੋਰੀ ਕਰ ਟ੍ਰਾਂਸਪੋਰਟਰ ਦੇ ਕਰਿੰਦਿਆਂ ਨੇ ਕੱਢਿਆ ਸਾਮਾਨ

Thursday, Apr 20, 2023 - 09:11 PM (IST)

ਮੋਬਾਇਲ ਵਿੰਗ ਵੱਲੋਂ ਜ਼ਬਤ ਕੀਤੇ ਟਰੱਕ ਨੂੰ ਚੋਰੀ ਕਰ ਟ੍ਰਾਂਸਪੋਰਟਰ ਦੇ ਕਰਿੰਦਿਆਂ ਨੇ ਕੱਢਿਆ ਸਾਮਾਨ

ਲੁਧਿਆਣਾ (ਗੌਤਮ)-ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਚੈਕਿੰਗ ਦੌਰਾਨ ਬਿਨਾਂ ਬਿੱਲ ਦੇ ਫੜੇ ਹੋਏ ਟਰੱਕ ਨੂੰ ਟ੍ਰਾਂਸਪੋਰਟਰ ਦੇ ਕਰਿੰਦਿਆਂ ਨੇ ਬੁੱਧਵਾਰ ਨੂੰ ਦੇਰ ਰਾਤ ਚੋਰੀ ਕਰ ਲਿਆ, ਜਿਸ ਤੋਂ ਬਾਅਦ ਕਰਿੰਦਿਆਂ ਨੇ ਟਰੱਕ ’ਚ ਲੱਦਿਆ ਸਾਮਾਨ ਦੂਜੇ ਟਰੱਕ ’ਚ ਲੱਦ ਲਿਆ। ਪਤਾ ਲੱਗਦੇ ਹੀ ਮੋਬਾਇਲ ਵਿੰਗ ਦੇ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਅਤੇ ਰਾਤ ਨੂੰ 3 ਵਜੇ ਹੀ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਚੋਰੀ ਕੀਤੇ ਟਰੱਕ ਨੂੰ ਖਾਲੀ ਹਾਲਤ ’ਚ ਦੁੱਗਰੀ ਇਲਾਕੇ ਤੋਂ ਹੀ ਬਰਾਮਦ ਕਰ ਲਿਆ। ਡਰਾਈਵਰ ਅਤੇ ਟਰੱਕ ਨੂੰ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਕਰਨ ਲਈ ਥਾਣਾ ਦੁੱਗਰੀ ਦੀ ਪੁਲਸ ਹਵਾਲੇ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : 23 ਸਾਲਾ ਨੌਜਵਾਨ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਇਸ ਵਾਰਦਾਤ ਤੋਂ ਬਾਅਦ ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਸਵੇਰੇ ਟ੍ਰਾਂਸਪੋਰਟਰ ਦੇ ਗੋਦਾਮ ’ਤੇ ਛਾਪਾ ਮਾਰਿਆ ਅਤੇ ਉਸ ਦਾ ਰਿਕਾਰਡ ਕਬਜ਼ੇ ਵਿਚ ਲੈ ਲਿਆ। ਗੋਦਾਮ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਨੂੰ ਵੀ ਕਬਜ਼ੇ ਵਿਚ ਲੈ ਲਿਆ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਚੋਰੀ ਟਰੱਕ ਦਾ ਸਾਮਾਨ ਗੋਦਾਮ ਤੱਕ ਪੁੱਜਾ ਹੈ ਜਾਂ ਨਹੀਂ। ਹਾਲਾਂਕਿ ਦੇਰ ਸ਼ਾਮ ਤੱਕ ਵੀ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ’ਚ ਜੁਟੇ ਰਹੇ ਅਤੇ ਇਸ ਗੱਲ ਦੀ ਜਾਂਚ ਕਰਦੇ ਰਹੇ ਸਨ ਕਿ ਵਿਭਾਗ ਦਾ ਕੋਈ ਮੁਲਾਜ਼ਮ ਇਸ ’ਚ ਸ਼ਾਮਲ ਹੈ ਜਾਂ ਨਹੀਂ।

ਸੂਤਰਾਂ ਦਾ ਕਹਿਣਾ ਹੈ ਕਿ ਚੋਰੀ ਕੀਤੇ ਗਏ ਟਰੱਕ ’ਚ ਤੰਬਾਕੂ, ਸਿਗਰਟ ਅਤੇ ਹੋਰ 18 ਫੀਸਦੀ ਜੀ. ਐੱਸ. ਟੀ. ਵਾਲਾ ਸਾਮਾਨ ਸੀ। ਟ੍ਰਾਂਸਪੋਰਟਰ ਨੂੰ ਪਤਾ ਸੀ ਕਿ ਵਿਭਾਗ ਉਸ ਤੋਂ 40 ਤੋਂ 50 ਲੱਖ ਰੁਪਏ ਵਸੂਲੇਗਾ ਅਤੇ ਇਸ ਤੋਂ ਬਚਣ ਲਈ ਹੀ ਉਸ ਨੇ ਇਹ ਕਦਮ ਚੁੱਕਿਆ। ਅਧਿਕਾਰੀਆਂ ਮੁਤਾਬਕ ਉਕਤ ਟਰੱਕ ‘ਰਫਤਾਰ’ ਨਾਂ ਨਾਲ ਕੰਮ ਕਰਨ ਵਾਲੀ ਕੰਪਨੀ ਦਾ ਸੀ। ਪੁਲਸ ਉਸ ਦੇ ਕਰਿੰਦਿਆਂ ਦੀ ਭਾਲ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : CM ਕੇਜਰੀਵਾਲ ਦਾ ਅਹਿਮ ਐਲਾਨ, ਜਲੰਧਰ ’ਚ PGI ਪੱਧਰ ਦਾ ਖੋਲ੍ਹਿਆ ਜਾਵੇਗਾ ਹਸਪਤਾਲ

PunjabKesari

7 ਦਿਨ ਪਹਿਲਾਂ ਚੈਕਿੰਗ ਦੌਰਾਨ ਫੜਿਆ ਸੀ ਟਰੱਕ

ਜਾਣਕਾਰੀ ਮੁਤਾਬਕ ਮੋਬਾਇਲ ਵਿੰਗ ਦੀ ਟੀਮ ਨੇ ਤਕਰੀਬਨ 7 ਦਿਨ ਪਹਿਲਾਂ ਹੀ ਟਰੱਕ ਜ਼ਬਤ ਕੀਤਾ ਸੀ। ਵਿਭਾਗ ਨੂੰ ਸ਼ੱਕ ਸੀ ਕਿ ਟਰੱਕ ’ਚ ਸਿਗਰਟਾਂ, ਤੰਬਾਕੂ ਅਤੇ ਹੋਰ ਸਾਮਾਨ ਬਿਨਾਂ ਬਿੱਲ ਦੇ ਮੰਗਵਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਵਾਰ-ਵਾਰ ਟ੍ਰਾਂਸਪੋਰਟਰ ਨੂੰ ਉਸ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਲਈ ਕਹਿ ਰਹੇ ਸਨ ਪਰ ਉਹ ਉਨ੍ਹਾਂ ਨੂੰ ਟਾਲ ਰਿਹਾ ਸੀ, ਜਿਸ ਕਾਰਨ ਹੀ ਉਸ ਨੇ ਆਪਣੇ ਕਰਿੰਦਿਆਂ ਨੂੰ ਕਹਿ ਕੇ ਇਹ ਕਦਮ ਚੁੱਕਿਆ ਹੈ ਤਾਂ ਕਿ ਬਾਅਦ ’ਚ ਵਿਭਾਗ ਤੋਂ ਟੈਕਸ ਘੱਟ ਕਰਵਾਇਆ ਜਾ ਸਕੇ, ਜਿਸ ਕਾਰਨ ਹੀ ਵਿਭਾਗ ਨੇ ਉਸ ਦੇ ਗੋਦਾਮਾਂ ’ਤੇ ਵੀ ਛਾਪੇਮਾਰੀ ਕੀਤੀ ਹੈ।

ਪੁਲਸ ਮੁਲਾਜ਼ਮ ਸਨ ਡਿਊਟੀ ’ਤੇ, ਤੀਜਾ ਟਰੱਕ ਚੋਰੀ, ਵਿਭਾਗ ਨੇ ਦਬਾਇਆ ਮਾਮਲਾ

ਵਿਭਾਗ ਵੱਲੋਂ ਜ਼ਬਤ ਕੀਤੇ ਮਾਲ ’ਤੇ ਨਿਗਰਾਨੀ ਰੱਖਣ ਲਈ ਰਾਤ ਨੂੰ ਪੁਲਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਂਦੀ ਹੈ। ਵਿਭਾਗ ਨੂੰ ਪਤਾ ਲੱਗਾ ਕਿ ਉਕਤ ਲੋਕਾਂ ਨੇ ਰਾਤ ਨੂੰ ਕਰੀਬ ਡੇਢ ਵਜੇ ਟਰੱਕ ਚੋਰੀ ਕੀਤਾ ਪਰ ਮੁਲਾਜ਼ਮਾਂ ਨੂੰ ਇਸ ਦੀ ਭਿਣਕ ਕਰੀਬ ਡੇਢ ਘੰਟੇ ਬਾਅਦ ਲੱਗੀ ਤਾਂ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪਤਾ ਲਗਦੇ ਹੀ ਰਾਤ ਨੂੰ 3 ਵਜੇ ਦੇ ਕਰੀਬ ਡਾਇਰੈਕਟਰ ਪੱਧਰ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ ਅਤੇ ਜਾਂਚ ’ਚ ਜੁਟ ਗਏ ਪਰ ਉਦੋਂ ਤੱਕ ਕਰਿੰਦਿਆਂ ਨੇ ਟਰੱਕ ’ਚੋਂ ਸਾਮਾਨ ਕੱਢ ਕੇ ਦੂਜੇ ਟਰੱਕ ’ਚ ਭੇਜ ਦਿੱਤਾ ਸੀ।

ਇਸ ਤੋਂ ਪਹਿਲਾਂ ਇਕ ਟਰੱਕ ਚੋਰੀ ਹੋਇਆ ਸੀ, ਜਿਸ ਦਾ ਮਾਮਲਾ ਅਜੇ ਮਾਣਯੋਗ ਹਾਈ ਕੋਰਟ ਵਿਚ ਪੈਂਡਿੰਗ ਹੈ। ਕੁਝ ਦਿਨ ਪਹਿਲਾਂ ਵੀ ਫਤਿਹਾਬਾਦ ਦੇ ਇਕ ਡਰਾਈਵਰ ਨੇ ਸਕ੍ਰੈਪ ਨਾਲ ਭਰਿਆ ਟਰੱਕ ਵਿੰਗ ਦੇ ਆਫਿਸ ਤੋਂ ਡੁਪਲੀਕੇਟ ਚਾਬੀ ਬਣਾ ਕੇ ਚੋਰੀ ਕਰ ਲਿਆ, ਜੋ ਮਾਮਲਾ ਵਿਭਾਗ ਨੇ ਦਬਾ ਦਿੱਤਾ। ਬੁੱਧਵਾਰ ਨੂੰ ਇਸੇ ਤਰ੍ਹਾਂ ਤੀਜਾ ਟਰੱਕ ਚੋਰੀ ਹੋ ਗਿਆ।

 ਟਰੱਕ ਚੋਰੀ ਕਰਨ ਵਾਲਿਆਂ ਖਿਲਾਫ ਕੇਸ ਦਰਜ ਕਰਵਾਇਆ ਜਾ ਰਿਹਾ ਹੈ। ਵਿਭਾਗ ਵਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਵਿਭਾਗ ਦਾ ਮੁਲਾਜ਼ਮ ਇਸ ’ਚ ਸ਼ਾਮਲ ਹੈ ਜਾਂ ਨਹੀਂ। ਜਾਂਚ ’ਚ ਪਤਾ ਲੱਗਣ ’ਤੇ ਉਸ ਦੇ ਖਿਲਾਫ ਵੀ ਉੱਚਿਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵਲੋਂ ਜ਼ਬਤ ਗੱਡੀਆਂ ਨੂੰ ਖੁੱਲ੍ਹੇ ’ਚ ਹੀ ਰੱਖਣਾ ਪੈਂਦਾ ਹੈ, ਜਿਸ ਕਾਰਨ ਇਸ ਤਰ੍ਹਾਂ ਦੀ ਸਮੱਸਿਆ ਪੈਦਾ ਹੁੰਦੀ ਹੈ। ਵਿਭਾਗ ਵਲੋਂ ਸਰਕਾਰ ਨੂੰ ਜਗ੍ਹਾ ਮੁਹੱਈਆ ਕਰਵਾਉਣ ਲਈ ਲਿਖ ਕੇ ਭੇਜਿਆ ਗਿਆ ਹੈ।
-ਕੇ. ਕੇ. ਯਾਦਵ, ਟੈਕਸੇਸ਼ਨ ਕਮਿਸ਼ਨਰ ਪੰਜਾਬ ਜੀ. ਐੱਸ. ਟੀ. ਵਿਭਾਗ


author

Manoj

Content Editor

Related News