ਮਜ਼ਦੂਰਾਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Friday, Jun 09, 2017 - 01:47 AM (IST)
ਬਟਾਲਾ, (ਬੇਰੀ)- ਫਾਊਂਡਰੀ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ 'ਤੇ ਫਾਊਂਡਰੀ ਮਜ਼ਦੂਰ ਯੂਨੀਅਨ ਦਫਤਰ ਫੈਜ਼ਪੁਰਾ ਰੋਡ ਵਿਖੇ ਮਜ਼ਦੂਰਾਂ ਵੱਲੋਂ ਇਕੱਤਰ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਏਕਟੂ ਪੰਜਾਬ ਦੇ ਵਾਈਸ ਪ੍ਰਧਾਨ ਕਾ. ਗੁਰਮੀਤ ਸਿੰਘ ਬਖਤਪੁਰਾ ਅਤੇ ਜਨਰਲ ਸਕੱਤਰ ਕਾ. ਗੁਲਜ਼ਾਰ ਸਿੰਘ ਭੁੰਬਲੀ ਨੇ ਦੱਸਿਆ ਕਿ ਹੁਣ ਤੱਕ 50 ਫੀਸਦੀ ਫੈਕਟਰੀਆਂ 'ਚ ਸਾਲਾਨਾ ਰੇਟਾਂ ਦਾ ਵਾਧਾ ਹੋ ਚੁੱਕਾ ਹੈ ਪਰ ਬਾਕੀ ਰਹਿੰਦੀਆਂ ਫੈਕਟਰੀਆਂ 'ਚ ਫੈਕਟਰੀ ਮਾਲਕਾਂ ਦੀ ਸਮਾਂ ਟਪਾਊ ਨੀਤੀ ਤੇ ਪ੍ਰਸ਼ਾਸਨ ਦੀ ਕਥਿਤ ਢਿੱਲ-ਮੱਠ ਕਰਕੇ ਰੇਟਾਂ ਦਾ ਵਾਧਾ ਲਾਗੂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਫੈਕਟਰੀਆਂ ਤੇ ਵਰਕਸ਼ਾਪਾਂ 'ਚ ਨਾ ਤਾਂ ਬਾਥਰੂਮ ਹੈ ਤੇ ਨਾ ਹੀ ਸਾਫ ਪੀਣ ਯੋਗ ਪਾਣੀ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਕੋਲ ਆਪਣੇ ਕੀਤੇ ਕੰਮਾਂ ਦਾ ਕੋਈ ਰਿਕਾਰਡ ਨਹੀਂ ਹੈ, ਜਿਸ ਕਰਕੇ ਮਜ਼ਦੂਰਾਂ ਦੇ ਬਣਦੇ ਲਾਭ ਸਰਵਿਸ ਈ. ਪੀ. ਐੱਫ. ਆਦਿ ਵੀ ਮਜ਼ਦੂਰਾਂ ਨੂੰ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਹਾਦਸਾ ਵਾਪਰ ਜਾਣ ਦੀ ਸੂਰਤ 'ਚ ਵੀ ਮਜ਼ਦੂਰਾਂ ਨੂੰ ਕਿਰਤ ਕਾਨੂੰਨਾਂ ਤੇ ਫੈਕਟਰੀ ਕਾਨੂੰਨਾਂ ਅਨੁਸਾਰ ਯੋਗ ਮੁਆਵਜ਼ਾ ਨਹੀਂ ਮਿਲਦਾ। ਇਸ ਮੌਕੇ ਯੂਨੀਅਨ ਆਗੂਆਂ ਨੇ ਮਾਲਕਾਂ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰੈਲੀ ਨੂੰ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਕਾ. ਅਸ਼ਵਨੀ ਕੁਮਾਰ ਹੈਪੀ, ਸੁਰਿੰਦਰ ਸਿੰਘ, ਕੁਲਦੀਪ ਰਾਜ ਰਾਜੂ, ਵੀਰ ਸਿੰਘ, ਤਰਸੇਮ ਸਿੰਘ ਆਦਿ ਨੇ ਸੰਬੋਧਨ ਕੀਤਾ।
