30 ਫੁੱਟ ਡੂੰਘੇ ਖੱਡੇ ’ਚ ਡਿੱਗੇ ਮਜਦੂਰ ਦੀ 7 ਘੰਟੇ ਦੇ ਰੈਸਕਿਊ ਅਪਰੇਸ਼ਨ ਮਗਰੋਂ ਮੌਤ
Tuesday, Mar 03, 2020 - 12:51 PM (IST)
ਬੋਹਾ (ਮਨਜੀਤ, ਅਮਰਜੀਤ ਚਾਹਲ) - ਪਿੰਡ ਰਿਓਂਦ ਕਲਾ ਵਿਖੇ ਬੀਤੇ ਦਿਨ ਪਖਾਨੇ ਦੀ ਖੂਹੀ ਪੁੱਟਦੇ ਹੋਏ 30 ਫੁੱਟ ਡੂੰਘੇ ਖੱਡੇ ’ਚ ਡਿੱਗ ਜਾਣ ਕਾਰਨ ਇਕ ਮਜ਼ਦੂਰ ਦੀ 7 ਘੰਟੇ ਦੇ ਰੈਸਕਿਊ ਅਪਰੇਸ਼ਨ ਮਗਰੋਂ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਖੱਡੇ ’ਚ ਡਿੱਗੇ ਮਜਦੂਰ ਨੂੰ ਬਚਾਉਣ ਲਈ ਕੀਤੇ ਯਤਨ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਚਾਰੇ ਪਾਸੇ ਪ੍ਰੰਸਸਾ ਹੋ ਰਹੀ ਹੈ। ਦੂਜੇ ਪਾਸੇ ਪਰਿਵਾਰ, ਪੰਚਾਇਤ ਅਤੇ ਪਿੰਡ ਸਮੇਤ ਜ਼ਿਲਾ ਪ੍ਰਸ਼ਾਸਨ ਨੇ ਮ੍ਰਿਤਕ ਗੁਰਚਰਨ ਸਿੰਘ ਦੀ ਮਿੱਟੀ ਹੇਠ ਦੱਬ ਜਾਣ ਕਾਰਨ ਮੌਤ ਹੋਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਮੌਕੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਨ੍ਹੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪਿੰਡ ਵਾਸੀਆਂ ਅਤੇ ਪੰਚਾਇਤ ਨੇ ਸਰਕਾਰ ਪਾਸੋਂ ਮਜਦੂਰ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ ਪਰਿਵਾਰ ਲੋੜਵੰਦ ਹੈ। ਮ੍ਰਿਤਕ ਦੀਆਂ 3 ਕੁੜੀਆਂ ਅਤੇ 1 ਛੋਟਾ ਮੁੰਡਾ ਹੈ, ਜਿਨ੍ਹਾਂ ਦੀ ਸਹਾਇਤਾ ਲਈ ਸਰਕਾਰ ਕੋਈ ਮਾਲੀ ਮਦਦ ਕਰੇ।
ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ 3 ਕੁ ਵਜੇ ਦੇ ਕਰੀਬ ਪਿੰਡ ਰਿਓਂਦ ਕਲਾਂ ਵਿਖੇ ਮਜਦੂਰ ਗੁਰਚਰਨ ਸਿੰਘ ਕਿਸੇ ਘਰ ਦੀ ਖੂਹੀ ਪੁੱਟ ਰਿਹਾ ਸੀ। ਇਸ ਦੌਰਾਨ ਕਾਫੀ ਡੂੰਘਾ ਖੱਡਾ ਪੁੱਟ ਲੈਣ ’ਤੇ ਅਚਾਨਕ ਮਿੱਟੀ ਦੀਆਂ ਢਿੱਗਾਂ ਉਸ ਉਪਰ ਡਿੱਗ ਪਈਆਂ ਅਤੇ ਉਹ ਮਿੱਟੀ ਹੇਠਾਂ ਦੱਬ ਗਿਆ। ਪਿੰਡ ਵਾਸੀਆਂ ਵਲੋਂ ਰੋਲਾ ਪਾਉਣ ’ਤੇ ਆਲੇ-ਦੁਆਲੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਲੋਕਾਂ ਨੇ ਇਸ ਸੰਬੰਧੀ ਪੁਲਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਐੱਸ.ਡੀ.ਐੱਮ ਬੁਢਲਾਡਾ ਅਦਿੱਤਿਆ ਡੇਚਲਵਾਲ, ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ, ਡੀ.ਐੱਸ.ਪੀ ਬੁਢਲਾਡਾ ਜਸਵਿੰਦਰ ਸਿੰਘ ਗਿੱਲ, ਸਰਪੰਚ ਸੁਖਦੇਵ ਸਿੰਘ, ਐੱਨ.ਡੀ.ਆਰ.ਐੱਫ ਆਦਿ ਅਧਿਕਾਰੀ ਆਪਣੀਆਂ ਟੀਮਾਂ ਲੈ ਕੇ ਮੌਕੇ ’ਤੇ ਪਹੁੰਚ ਗਏ। ਦੇਰ ਰਾਤ ਤੱਕ ਬਚਾਓ ਟੀਮਾਂ ਵਲੋਂ ਰੈਸਕਿਊ ਅਪਰੈਸ਼ਨ ਜਾਰੀ ਰੱਖਿਆ ਗਿਆ, ਜਿਸ ਦੌਰਾਨ ਉਨ੍ਹਾਂ ਨੇ ਰਾਤ 10 ਕੁ ਵਜੇ ਦੇ ਕਰੀਬ ਮਿੱਟੀ ’ਚ ਦੱਬੇ ਮਜਦੂਰ ਨੂੰ ਬਾਹਰ ਕੱਢ ਲਿਆ।
ਇਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੌਰਾਨ ਅਧਿਕਾਰੀਆਂ ਅਤੇ ਪਿੰਡ ਦੇ ਲੋਕਾਂ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇੰਨੀ ਜੱਦੋ ਜਹਿਦ ਦੇ ਬਾਵਜੂਦ ਉਸ ਨੂੰ ਬਚਾ ਨਹੀਂ ਸਕੇ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਇਸ ਦੁੱਖਦਾਈ ਘਟਨਾ ਮੌਕੇ ਮਿਲ ਜੁਲ ਕੇ ਕੰਮ ਕੀਤਾ।