ਨਹਿਰ ਦੇ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ''ਤੇ ਸ਼ੁਰੂ
Sunday, Apr 01, 2018 - 08:25 AM (IST)

ਗਿੱਦੜਬਾਹਾ (ਕੁਲਭੂਸ਼ਨ) - ਬੀਤੀ ਦੇਰ ਸ਼ਾਮ ਪਿੰਡ ਸਮਾਘ ਨੇੜੇ ਜੌੜੀਆਂ ਨਹਿਰਾਂ ਵਿਚ ਪਏ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਸਮਾਘ ਨੇੜਿਓਂ ਲੰਘਦੀਆਂ ਜੌੜੀਆਂ ਨਹਿਰਾਂ 'ਚੋਂ ਸਰਹਿੰਦ ਅਤੇ ਰਾਜਸਥਾਨ ਫੀਡਰ ਨਹਿਰਾਂ ਦੀ ਦਰਮਿਆਨੀ ਪਟੜੀ ਪੁੱਟਣ ਕਾਰਨ ਦੋਵਾਂ ਨਹਿਰਾਂ ਦਾ 'ਸੰਗਮ' ਹੋ ਗਿਆ ਸੀ, ਜਦਕਿ ਇਨ੍ਹਾਂ ਨਹਿਰਾਂ 'ਚੋਂ ਰਾਜਸਥਾਨ ਫੀਡਰ ਨਹਿਰ ਵਿਚ ਬੀਤੇ ਤਿੰਨ ਦਿਨਾਂ ਤੋਂ ਪਾਣੀ ਦੀ ਬੰਦੀ ਚੱਲਦੀ ਹੋਣ ਕਾਰਨ ਇਸ ਵਿਚ ਪਾਣੀ ਦਾ ਵਹਾਅ ਅਤੇ ਪੱਧਰ ਘੱਟ ਸੀ ਅਤੇ ਛੋਟੀ ਨਹਿਰ (ਸਰਹਿੰਦ ਫੀਡਰ) ਵਿਚ ਪਏ ਪਾੜ ਨਾਲ ਇਸ ਦਾ ਪਾਣੀ ਦੋਵਾਂ ਨਹਿਰਾਂ ਦੀ ਦਰਮਿਆਨੀ ਪਟੜੀ ਨੂੰ ਪਾੜਦਾ ਹੋਇਆ ਰਾਜਸਥਾਨ ਨਹਿਰ ਵਿਚ ਡਿੱਗਣ ਲੱਗ ਪਿਆ ਸੀ।
ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਨੇ ਬੀਤੀ ਦੇਰ ਸ਼ਾਮ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਹਿੰਦ ਨਹਿਰ ਵਿਚ ਆਉਣ ਵਾਲੇ ਪਾਣੀ ਨੂੰ ਪਿੱਛੋਂ ਬੰਦ ਕਰਵਾਇਆ। ਇਸ ਦੌਰਾਨ ਸਰਹਿੰਦ ਨਹਿਰ ਵਿਚ ਕਰੀਬ 139 ਫੁੱਟ ਦਾ ਪਾੜ ਪਿਆ, ਜਦਕਿ ਰਾਜਸਥਾਨ ਨਹਿਰ ਵਿਚ 118 ਫੁੱਟ ਦਾ ਪਾੜ ਪੈ ਗਿਆ।
ਅੱਜ ਸਵੇਰ ਤੋਂ ਹੀ ਨਹਿਰੀ ਵਿਭਾਗ ਸਰਹਿੰਦ ਤੇ ਰਾਜਸਥਾਨ ਫੀਡਰ ਦੇ ਪੀ. ਡਬਲਯੂ. ਡੀ. ਅਤੇ ਸਿਵਲ ਪ੍ਰਸ਼ਾਸਨ ਵੱਲੋਂ ਉਕਤ ਪਾੜ ਨੂੰ ਪੂਰਨ ਲਈ ਕਰੀਬ 16 ਟਰੈਕਟਰ-ਟਰਾਲੀਆਂ, 2 ਜੇ. ਸੀ. ਬੀ. ਮਸ਼ੀਨਾਂ ਅਤੇ 2 ਕਰੇਨਾਂ ਦੀ ਮਦਦ ਨਾਲ ਕੰਮ ਸ਼ੁਰੂ ਕਰਵਾ ਦਿੱਤਾ ਸੀ। ਉਕਤ ਪਾੜ ਨੂੰ ਭਰਨ ਲਈ ਸਬੰਧਤ ਠੇਕੇਦਾਰ ਵੱਲੋਂ ਜਦੋਂ ਰਾਜਸਥਾਨ ਫੀਡਰ ਦੇ ਨਾਲ ਪਿੰਡ ਸਮਾਘ ਵਾਲੇ ਪਾਸਿਓਂ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਮਿੱਟੀ ਚੁੱਕਣੀ ਸ਼ੁਰੂ ਕੀਤੀ ਤਾਂ ਪਿੰਡ ਵਾਲਿਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ, ਜਿਸ 'ਤੇ ਅਧਿਕਾਰੀਆਂ ਵੱਲੋਂ ਇਸ ਨੂੰ ਬੰਦ ਕਰਵਾ ਕੇ ਪਿੰਡ ਸਮਾਘ ਦੀ ਪੰਚਾਇਤੀ ਜ਼ਮੀਨ 'ਚੋਂ ਮਿੱਟੀ ਚੁਕਵਾਉਣੀ ਸ਼ੁਰੂ ਕਰ ਦਿੱਤੀ।
ਇਸ ਸਮੇਂ ਸਰਹਿੰਦ ਫੀਡਰ ਨਹਿਰ ਦੇ ਐੱਸ. ਡੀ. ਓ. ਰਮਨਪ੍ਰੀਤ ਸਿੰਘ ਅਤੇ ਰਾਜਸਥਾਨ ਫੀਡਰ ਨਹਿਰ ਦੇ ਐੱਸ. ਡੀ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਰੰਮਤ ਦਾ ਕੰਮ ਇਕ ਹਫਤੇ ਵਿਚ ਮੁਕੰਮਲ ਹੋ ਜਾਵੇਗਾ।