SIR ਲਈ ਬੀ. ਐੱਲ. ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ : ਜ਼ਿਲ੍ਹਾ ਚੋਣ ਅਫ਼ਸਰ

Tuesday, Jun 16, 2026 - 04:29 PM (IST)

SIR ਲਈ ਬੀ. ਐੱਲ. ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ : ਜ਼ਿਲ੍ਹਾ ਚੋਣ ਅਫ਼ਸਰ

ਜ਼ੀਰਾ/ਫਿਰੋਜ਼ਪੁਰ (ਸੋਨੂੰ ਚੋਪੜਾ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ 'ਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.) ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੂਥ ਲੈਵਲ ਅਫ਼ਸਰਾਂ (ਬੀ. ਐੱਲ. ਓਜ਼) ਵੱਲੋਂ ਘਰ-ਘਰ ਜਾ ਕੇ ਵੋਟਰਾਂ ਤੋਂ ਐਨੂਮਰੇਸ਼ਨ ਫਾਰਮ ਭਰਵਾਏ ਜਾਣਗੇ।

ਇਸ ਉਪਰੰਤ ਮਿਤੀ 3 ਅਗਸਤ 2026 ਤੋਂ 2 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਦੌਰਾਨ ਹੀ ਮਿਤੀ 3 ਅਗਸਤ 2026 ਤੋਂ 28 ਸਤੰਬਰ 2026 ਤੱਕ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਇਸ ਵਿਸ਼ੇਸ਼ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੀ. ਐੱਲ. ਓਜ਼. ਨੂੰ ਲੋੜੀਂਦੀ ਸਮੱਗਰੀ ਵਾਲੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਨ੍ਹਾਂ ਕਿੱਟਾਂ 'ਚ ਪੈੱਨ (ਨੀਲਾ ਅਤੇ ਲਾਲ), ਰਜਿਸਟਰ, ਆਈ. ਡੀ. ਕਾਰਡ ਹੋਲਡਰ ਵਿਦ ਲੈਨਯਾਰਡ, ਐਗਜ਼ੀਕਿਊਟਿਵ ਡਾਇਰੀ, ਪੈਂਸਿਲ, ਰਬੜ, ਸ਼ਾਰਪਨਰ, ਗਲੂ ਸਟਿਕ, ਸਟੈਂਪ ਪੈਡ, ਸਟੈਪਲਰ ਅਤੇ ਪਿੰਨ ਬਾਕਸ, ਪਲਾਸਟਿਕ ਸਕੇਲ, ਕਲਿੱਪ ਬੋਰਡ, ਸਟਿੱਕੀ ਨੋਟਸ, ਸਟੇਸ਼ਨਰੀ ਪਾਊਚ, ਸਟੇਨਲੈੱਸ ਸਟੀਲ ਵਾਟਰ ਬੋਤਲ, ਫੋਲਡੇਬਲ ਛੱਤਰੀ, ਪਰਮਾਨੈਂਟ ਮਾਰਕਰ, ਇਨਫਾਰਮੇਸ਼ਨ ਸਲਿੱਪ, ਵਿਜ਼ਿਟ ਸਟਿੱਕਰ, ਫਾਰਮ ਨੰਬਰ-6, ਫਾਰਮ ਨੰਬਰ-8, ਡਿਕਲੇਰੇਸ਼ਨ ਫਾਰਮ ਅਤੇ ਡੁਪਲੀਕੇਟ ਪ੍ਰੀ-ਫਿਲਡ ਐਨੂਮਰੇਸ਼ਨ ਫਾਰਮ ਆਦਿ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਇਹ ਬੀ. ਐੱਲ. ਓਜ਼. ਕਿੱਟਾਂ ਦੀਪਕ ਕੁਮਾਰ ਚੋਣ ਤਹਿਸੀਲਦਾਰ ਦੀ ਨਿਗਰਾਨੀ ਹੇਠ ਕਰਮਚਾਰੀਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ।
 


author

Babita

Content Editor

Related News