ਟੋਲ ਪਲਾਜ਼ਾ ਦੇ ਸਕਿਊਰਟੀ ਇੰਚਾਰਜ਼ ਤੋਂ ਫਿਰੋਤੀ ਮੰਗਣ ਵਾਲੀਆਂ ਗਿਰੋਹ ਦੀਆਂ 3 ਔਰਤਾਂ ਗ੍ਰਿਫ਼ਤਾਰ
Thursday, Mar 09, 2023 - 06:34 PM (IST)
ਸਮਰਾਲਾ (ਗਰਗ, ਬੰਗੜ) : ਸਥਾਨਕ ਪੁਲਸ ਵੱਲੋਂ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਘੁਲਾਲ ਦੇ ਸਕਿਊਰਟੀ ਇੰਚਾਰਜ਼ ਤੋਂ ਉਸ ਦੇ ਇਕਲੌਤੇ ਪੁੱਤਰ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੀਆਂ 3 ਔਰਤਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇਸ ਮਾਮਲੇ ’ਚ ਪੁਲਸ ਨੂੰ ਹਾਲੇ ਇੱਕ ਹੋਰ ਵਿਅਕਤੀ ਦੀ ਭਾਲ ਹੈ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਹੈ ਕਿ ਪੁਲਸ ਨੂੰ ਨੇੜਲੇ ਪਿੰਡ ਢੰਡੇ ਦੇ ਰਹਿਣ ਵਾਲੇ ਜਤਿੰਦਰਪਾਲ ਸਿੰਘ ਜੋਕਿ ਘੁਲਾਲ ਟੋਲ ਪਲਾਜ਼ਾ ਵਿਖੇ ਸਕਿਊਰਟੀ ਇੰਚਾਰਜ਼ ਹੈ, ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ 13 ਸਾਲਾ ਦੇ ਇਕਲੌਤੇ ਪੁੱਤਰ ਨੂੰ ਮਾਰਨ ਦੀ ਧਮਕੀ ਉਸ ਦੀ ਇੱਕ ਜਾਣਕਾਰ ਔਰਤ ਅਤੇ ਉਸ ਦੇ ਨਾਲ ਸਾਜਿਸ਼ ਵਿੱਚ ਸ਼ਾਮਲ ਉਸ ਦੇ ਪਤੀ ਅਤੇ ਹੋਰ ਰਿਸ਼ਤੇਦਾਰ ਔਰਤਾਂ ਵੱਲੋਂ ਦਿੱਤੀ ਜਾ ਰਹੀ ਹੈ। ਉਕਤ ਦੋਸ਼ੀਆਂ ਵੱਲੋਂ ਇਹ ਧਮਕੀ ਉਸ ਦੀ ਪਤਨੀ ਦੇ ਮੋਬਾਇਲ ਫੋਨ ’ਤੇ ਵੀ ਲਗਾਤਾਰ ਦਿੱਤੀਆ ਗਈਆ ਹਨ। ਸ਼ਿਕਾਇਤਕਰਤਾ ਨੇ ਕਥਿਤ ਧਮਕੀਆਂ ਅਤੇ ਫਿਰੌਤੀ ਦੀ ਮੰਗ ਕਰਨ ਵਾਲੀ ਔਰਤ ਦੀਆਂ ਆਡਿਓ ਰਿਕਾਡਿੰਗ ਵੀ ਪੁਲਸ ਅਧਿਕਾਰੀਆਂ ਨੂੰ ਦਿੱਤੀਆ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਮੌਕੇ ਸਰਕਾਰ ਤੇ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਰਹੀ ਬੇਹੱਦ ਨਿਰਾਸ਼ਾਜਨਕ- ਸ਼੍ਰੋਮਣੀ ਕਮੇਟੀ
ਇਸ ’ਤੇ ਕਾਰਵਾਈ ਕਰਦਿਆ ਪੁਲਸ ਨੇ ਟੋਲ ਪਲਾਜ਼ਾ ’ਤੇ ਹੀ ਕੰਮ ਕਰਨ ਵਾਲੀ ਰਮਨਦੀਪ ਕੌਰ, ਉਸ ਦੀ ਮਾਤਾ ਭਿੰਦਰ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਅੱਜ ਫਿਰੌਤੀ ਮੰਗਣ ਅਤੇ ਬੱਚੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਇਸ ਕੇਸ ’ਚ ਸ਼ਾਮਲ ਰਮਨਦੀਪ ਕੌਰ ਦਾ ਪਤੀ ਗੁਰਪ੍ਰੀਤ ਸਿੰਘ ਅਜੇ ਫਰਾਰ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਰਮਨਦੀਪ ਕੌਰ ਪਹਿਲਾ ਵੀ ਸ਼ਿਕਾਇਤਕਰਤਾ ਕੋਲੋ ਕੁਝ ਰਕਮ ਲੈ ਚੁੱਕੀ ਹੈ ਅਤੇ ਜਦੋਂ ਉਸ ਤੋਂ ਰਕਮ ਵਾਪਸ ਮੰਗੀ ਗਈ ਤਾਂ ਉਹ ਬੱਚੇ ਨੂੰ ਮਰਵਾ ਦੇਣ ਦੀਆਂ ਧਮਕੀਆਂ ਦਿੰਦੀ ਹੋਈ 3 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗ ਪਈ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕਾਂਗਰਸ ਅਤੇ ਭਾਜਪਾ ਆਗੂਆਂ ਨੂੰ ਵੰਗਾਰ : ਪੰਜਾਬ ਨੂੰ ਬਦਨਾਮ ਕਰਨ ਦੀ ਥਾਂ ਆਪਣੇ ਸ਼ਾਸਨ ਵਾਲੇ ਸੂਬਿਆਂ ਵੱਲ ਨਜ਼ਰ ਮਾਰੋ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।